A Literary Voyage Through Time

ਵਿਧਾਤਾ ਸਿੰਘ ਤੀਰ

ਕੋਈ ਰੋਕੇ ਬਲਾ ਕਿਵੇਂ, ਸਾਹਿਬ ਦੇ ਭਾਣੇ ਨੂੰ ।
ਇਕ ਵੇਲਾ ਐਸਾ ਵੀ ਆਇਆ ਇਸ ਧਰਤੀ ਤੇ ।
ਦਾਤਾ ਵੀ ਸਹਿਕ ਗਿਆ, ਜਦ ਇੱਕ ਇੱਕ ਦਾਣੇ ਨੂੰ ।
ਰੁੱਖੇ ਬਘਿਆੜ ਜਿਉਂ, ਆ ਭੁੱਖਾ ਕਾਲ ਪਿਆ ।
ਧਰਤ ਇਹ ਭਾਗ ਭਰੀ, ਪੰਜਾਂ ਦਰਿਆਵਾਂ ਦੀ ।
ਮੂੰਹ ਆਈ ਆਫ਼ਤ ਦੇ, ਕੋਈ ਉਲਟਾ ਫਾਲ ਪਿਆ ।
ਮੁਟਿਆਰਾਂ ਕੁੜੀਆਂ ਸਭ, ਪੂਣੀ ਰੰਗ ਹੋ ਗਈਆਂ ।
ਪਿਤ ਪੇ ਗਏ ਭੋਖੋਂ ਦੇ, ਸਭ ਛੇਲ ਜਵਾਨਾਂ ਨੂੰ ।
ਰੱਤਾਂ ਵਿੱਚ ਨਾੜਾਂ ਦੇ, ਸੁੱਕੀਆਂ ਤੇ ਖਲੋ ਗਈਆਂ
ਬੁੱਢਿਆਂ ਦਾ ਹਾਲ ਬੁਰਾ, ਗਭਰੂ ਵੀ ਝੁਕ ਗਏ ਸਨ ।
ਨਾ ਪੇਟ ਪਿਆ ਝੁਲਕਾ, ਨਾ ਭੁੱਖ ਦੀ ਅੱਗ ਬੁੱਝੀ ।
ਮਾਵਾਂ ਦੀ ਛਾਤੀ ਚੋਂ, ਦੁੱਧ ਸੜ ਸੜ ਸੁੱਕ ਗਏ ਸਨ ।
ਕਈ ਹੀਰੇ ਮਾਵਾਂ ਦੇ, ਲੱਖ ਤਰਲੇ ਕਰਨ ਲੱਗੇ ।
ਚੁੰਘ ਚ਼ੁੰਘ ਕੇ ਥਣ ਸੁੱਕੇ, ਲੈ ਲੈ ਕੇ ਵਿਲਕਣੀਆਂ ।
ਜਦ ਜੀਵਣ ਜੋਗੇ ਵੀ ਲੁਛ ਲੁਛ ਕੇ ਮਰਨ ਲੱਗੇ ।
ਪੰਜਾਬ ਦੇ ਰਾਜੇ ਤੋਂ 'ਰਣਜੀਤ' ਪਿਆਰੇ ਤੋਂ ।
ਇਹ ਝਾਕੀ ਦਰਦਾਂ ਦੀ, ਤਦ ਗਈ ਸਹਾਰੀ ਨਾ ।
ਦੁਖੀਆਂ ਦੇ ਦਰਦੀ ਤੋਂ, ਲਿਸਿਆਂ ਦੇ ਸਹਾਰੇ ਤੋਂ ।
ਢੰਢੋਰਾ ਦੇ ਦਿੱਤਾ, ਹੋਕਾ ਫਿਰਵਾ ਦਿੱਤਾ ।
ਪਤਨਾਂ, ਚੌਰਾਹਿਆਂ ਤੇ, ਸ਼ਾਹੀ ਦਰਵਾਜੇ ਤੇ ।
ਇਹ ਮੋਟੇ ਅੱਖਰਾਂ ਵਿੱਚ, ਲਿਖ ਕੇ ਲਗਵਾ ਦਿੱਤਾ ।
"ਰਾਜਾ ਤਾਂ 'ਰਾਖਾ ਹੈ' 'ਭੰਡਾਰਾ ਪਰਜਾ ਦਾ' ।
ਤੜਕੇ ਤੋਂ ਸ਼ਾਮਾਂ ਤੱਕ, ਦਰਵਾਜੇ ਖੁਲ੍ਹੇ ਹਨ ।
ਅੰਨ ਹਰ ਕੋਈ ਲੈ ਜਾਵੇ, ਹੈ ਸਾਰਾ ਪਰਜਾ ਦਾ ।
ਇਕ ਵਾਰੀ ਜਿਤਨੇ ਵੀ, ਕੋਈ ਚਾ ਕੇ ਲੈ ਜਾਵੇ ।
ਹਿੰਦੂ ਸਿੱਖ ਮੁਸਲਮ ਦਾ, ਕੋਈ ਖਾਸ ਮੁਲਾਹਜਾ ਨਹੀਂ ।
ਹੈ ਜਿਸ ਨੂੰ ਲੋੜ ਬਣੀ, ਉਹ ਆ ਕੇ ਲੈ ਜਾਵੇ ।'
ਸੁੰਦੇ ਜਿਹੇ ਕੂਚੇ ਵਿੱਚ, ਲਾਹੌਰ ਦੀ ਵਾਸੀ ਵਿੱਚ ।
ਇਕ ਮੋਚੀ-ਬੱਚੜੇ ਦੀ, ਕੰਨੀਂ ਇਹ ਭਿਣਕ ਪਈ ।
ਇਕ 'ਆਸਾ' ਚਮਕ ਪਈ ਝਟ ਆਣ 'ਉਦਾਸੀ' ਵਿੱਚ ।
ਝਟ ਬੂਹਿਓਂ ਅੰਦਰ ਹੋ, ਦਾਦੇ ਦੁਖਿਆਰੇ ਨੂੰ ।
ਇਉਂ ਪੋਤਾ ਕਹਿਣ ਲੱਗਾ, ਢਿਡ ਉੱਤੇ ਹਥ ਧਰ ਕੇ ।
ਭੁੱਖਾਂ ਦੇ ਰੁਲਾਏ ਨੂੰ, ਵਖਤਾਂ ਦੇ ਮਾਰੇ ਨੂੰ ।
"ਬਾਬਾ ਦੀ 'ਲਾਦੇ' ਦਾ, ਤਹਿ ਦਿਆ 'ਪਛਾਈ' ਏ ।
ਲਾਦੇ ਦੇ ਮਹਿਲਾਂ ਤੋਂ ਛੁਬ ਦਾਣੇ ਲੇ ਆਵੋ ।
ਉਥੇ ਤੋਈ ਧਾਟਾ ਨਹੀਂ, ਅਦ ਬੇ ਪਲਵਾਹੀ ਏ ।
ਜੇ ਮੇਲੇ ਨਾਲ ਤਲੋ, ਦਾਣੇ ਲੈ ਆਵਾਂ ਦੇ ।
ਦੰਦੋਰੀ ਉਲ੍ਹੇ ਕਲੋ, ਮੈਂ ਫਲਕੇ ਤੁਲਦਾ ਹਾਂ ।
ਜੇ ਤਲ ਤੇ ਲੈ ਆਈਏ, ਲਜ ਲਜ ਤੇ ਥਾਵਾਂ ਦੇ ।'
ਸੁਣ ਬੁੱਢੜੇ ਮੋਚੀ ਨੂੰ ਲਗ ਸੀਨੇ ਤੀਰ ਗਿਆ ।
ਪੋਤੇ ਦੀਆਂ ਲਾਡਲੀਆਂ, ਥਥੀਆਂ ਤੇ ਤੋਤਲੀਆਂ ।
ਘਾ ਦਿਲ ਤੇ ਕਰ ਗਈਆਂ, ਨੈਣਾਂ ਚੋਂ ਨੀਰ ਗਿਆ ।
ਤੱਕ ਹਿੰਮਤ ਅਪਣੀ ਨੂੰ, ਪਹਿਲੇ ਤਾਂ ਝੁਰਿਆ ਉਹ,
ਪਰ ਆਜਜ਼ ਪੇਤੇ ਦੀ, ਭੁਖ ਜਿੰਦ ਨੂੰ ਖਾਂਦੀ ਸੀ ।
ਹਥਾਂ ਚਿ ਡੰਗੋਰੀ ਲੈ, ਲੱਕ ਬੰਨ੍ਹ ਕੇ ਟੁਰਿਆ ਉਹ ।
ਹਿਚਕੋਲੇ ਖਾਂਦਾ ਉਹ, ਇਉਂ ਜੀਉਂਦਾ ਮਰਦਾ ਉਹ ।
ਪੇਤੇ ਨੂੰ ਨਾਲ ਲਈ, ਡੰਗੋਰੀ ਫੜੀ ਹੋਈ ।
ਪੁਜ ਪਿਆ ਭੰਡਾਰੇ ਤੇ, ਲੱਖ ਤਰਲੇ ਕਰਦਾ ਉਹ ।
ਘਿਗਿਆਈ ਬੇਲੀ ਵਿੱਚ, ਉਸ ਅਰਜ਼ ਸੁਣਾ ਦਿੱਤੀ ।
ਜਾ ਕੋਲ ਭੰਡਾਰੀ ਦੇ, ਮਾਰੇ ਲਾਚਾਰੀ ਦੇ ।
ਮੈਲੀ ਜਿਹੀ ਚਾਦਰ ਇਕ, ਚੁਪ ਚਾਪ ਵਿਛਾ ਦਿੱਤੀ ।
ਦਰਦੀ ਭੰਡਾਰੀ ਨੇ, ਝਟ ਚਾਦਰ ਭਰ ਦਿੱਤੀ ।
ਉਸ ਦਰਦ ਰੰਝਾਣੇ ਦੀ, ਉਸ ਭੁੱਖਣ ਭਾਣੇ ਦੀ ।
ਆਸਾ ਜੋ ਦਿਲ ਦੀ ਸੀ, ਝਟ ਪੂਰੀ ਕਰ ਦਿੱਤੀ ।
ਪਰ ਪੰਡ ਜੋ ਬੰਨ੍ਹ ਧਰੀ, ਸੀ ਦੋ ਮਣ ਭਾਰੀ ਉਹ ।
ਇੱਕ ਬਾਲ ਅੰਵਾਣਾ ਸੀ, ਇੱਕ ਬਾਬਾ ਬੁੱਢੜਾ ਸੀ ।
ਪੰਡ ਚੁੱਕਦਾ ਕੰਣ ਭਲਾ, ਟੁਰਨੋਂ ਸੀ ਆਰੀ ਉਹ ।
ਆਖਰ ਇਉਂ ਕੁਦਰਤ ਨੇ, ਇਕ ਢੋ ਢੁਕਾਇਆ ਏ ।
ਇਕ ਸਿੱਖ ਚਿਟ-ਕਾਪੜੀਆ, ਦਾੜ੍ਹੀ ਸੂ ਦੁੱਧ ਜਿਹੀ ।
ਉਸ ਬੁੱਢੜੇ ਬਾਬੇ ਵਲ, ਉਹ ਭਜਿਆ ਆਇਆ ਏ ।
ਕੀਤੀ ਹਮਦਰਦੀ ਆ, "ਐਵੇਂ ਨਾ ਝੁਰ ਬਾਬਾ ।
ਮੈਂ ਤੇਰਾ ਪੁੱਤਰ ਹਾਂ" ਕਹਿ ਪੰਡ ਉਠਾ ਲੀਤੀ ।
ਫਿਰ ਬੋਲਿਆ ਬਾਬੇ ਨੂੰ, "ਚਲ ਘਰ ਨੂੰ ਟੁਰ ਬਾਬਾ ।
' ਤੱਕ ਬੁੱਢੜੇ ਮੋਚੀ ਨੇ, ਲੱਖ ਸ਼ੁਕਰ ਮਨਾਇਆ ਏ ।
ਦਿਲ ਦੇ ਵਿੱਚ ਕਹਿੰਦਾ ਏ, "ਇਹ ਬੰਦਾ ਬੰਦਾ ਨਹੀਂ ।
ਇਸ ਆਜਜ਼ ਬੰਦੇ ਲਈ, ਇਹ ਅੱਲਾ ਆਇਆ ਏ ।
" ਅੰਹ ! ਪਾਂਡੀ ਜਾਂਦਾ ਜੇ, ਕਿਹਾ ਸੋਹਣਾ ਲੱਗਦਾ ਏ।
ਭਾਰੀ ਏ ਪੰਡ ਬੜੀ, ਪੈਂਡਾ ਵੀ ਚੋਖਾ ਏ ।
ਪਾਂਡੀ ਦੇ ਪਿੰਡੇ ਚੋਂ, ਪਿਆ ਮੁੜ੍ਹਕਾ ਵਗਦਾ ਏ ।
ਪੁੱਜ ਪਿਆ ਟਿਕਾਣੇ ਤੇ, ਮੋਚੀ ਦੇ ਘਰ ਆਇਆ ।
ਪੰਡ ਸੁਟਕੇ ਮੁੜਿਆ ਜਾਂ, ਜਾਂ ਓਥੋਂ ਤੁਰਨ ਲੱਗਾ ।
ਉਸ ਬੁੱਢੜੇ ਮੋਚੀ ਦਾ, ਦਿਲ ਡਾਢਾ ਭਰ ਆਇਆ ।
ਉਸ ਪਿਆਰੇ ਪਾਂਡੀ ਦੀ, ਉਸ ਸੋਹਣੇ ਪਾਂਡੀ ਦੀ ।
ਉਸ ਕੰਨੀ ਪਕੜ ਲਈ, ਮਨਮੋਹਣੇ ਪਾਂਡੀ ਦੀ ।
ਦਿਲਦਾਰੀ ਇਉਂ ਕੀਤੀ, ਦਿਲ-ਖੋਹਣੇ ਪਾਂਡੀ ਦੀ ।
“ਸਰਦਾਰਾ ! ਜੀਉਂਦਾ ਰਹੁ, ਕੀ ਨਾਂ ਹੈ ਦੱਸ ਤੇਰਾ ।
ਤੂੰ ਮੁੱਲ ਲੈ ਲੀਤਾ ਏ, ਇਸ ਬੁੱਢੜੇ ਮੇਚੀ ਨੂੰ ।
ਕਬਰਾਂ ਵਿੱਚ ਪੈ ਕੇ ਵੀ. ਗਾਵੇਗਾ ਯੱਸ ਤੇਰਾ ।'
ਉਸ ਹੀਰੇ ਪਾਂਡੀ ਨੇ, ਝਟ ਚਾਦਰ ਲਾਹ ਦਿੱਤੀ ।
ਬਰਦੀ ਵੀ ਸ਼ਾਹੀ ਏ, ਸਿਰ ਤੇ ਵੀ ਕਲਗੀ ਏ ।
ਬੁੱਢੜੇ ਦੇ ਦਿਲ ਅੰਦਰ, ਇਕ ਹਲਚਲ ਪਾ ਦਿੱਤੀ ।
ਬਾਬਾ ਮੈਂ ਰਾਜਾ ਹਾਂ, ਨਾ ਹੈ 'ਰਣਜੀਤ' ਮੇਰਾ
ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ ।
ਪਰਜਾ ਲਈ ਜਾਨ ਦਿਆਂ, ਪੇਸ਼ਾ ਹੈ 'ਪ੍ਰੀਤ' ਮੇਰਾ ।
ਕਾਬਲ ਦੀਆਂ ਕੰਧਾਂ ਤਕ, ਮੈਂ ਪਾਉਂਦਾ ਘੂਕਰ ਹਾਂ ।
ਪਰ ਪਿਆਰੇ ਬਾਬਾ ਜੀ, ਪਰਜਾ ਦਾ ਕੂਕਰ ਹਾਂ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.