A Literary Voyage Through Time

ਸ਼ਾਮ ਦੇ ਪੰਜ ਵੱਜਣ ਵਾਲੇ ਹਨ। ਨਹਿਰੂ ਸੇਹਤ ਕੇਂਦਰ ਦੇ ਵੱਡੇ ਗੇਟ ਸਾਹਮਣੇ ਟੈਕਸੀ ਆ ਕੇ ਰੁਕੀ ਹੈ। ਟੈਕਸੀ ਵਿਚੋਂ ਉੱਤਰ ਕੇ ਸਾਗਰ ਨੇ ਸੰਤਰੀ ਤੋਂ ਐਮਰਜੰਸੀ ਵਾਰਡ ਦਾ ਰਾਹ ਪੁੱਛਿਆ ਹੈ।

⁠'ਸਾਹਮਣੇ ਲਾਲ ਅੱਖਰਾਂ ਵਿਚ ਐਮਰਜੰਸੀ ਲਿਖਿਆ ਦੇਖੋ, ਭਾਈ ਸਾਹਬ। ਉੱਥੋਂ ਸੱਜੇ ਹੱਥ ਸੜਕ ਪੈ ਜਾਓ, ਐਮਰਜੰਸੀ ਵਾਰਡ ਦੇ ਦਰਵਾਜੇ 'ਤੇ ਪਹੁੰਚ ਜਾਓਗੇ।’ ਸੰਤਰੀ ਨੇ ਸਮਝਾਇਆ ਹੈ।

⁠ਟੈਕਸੀ ਵਿਚ ਵਾਪਸ ਆ ਕੇ ਉਸ ਨੂੰ ਪਲ਼ ਭਰ ਦੀ ਰਾਹਤ ਮਿਲੀ ਹੈ। ਉਸ ਨੇ ਮਧੂ ਨੂੰ ਆਪਣੀ ਵੱਖੀ ਨਾਲ ਘੁੱਟ ਕੇ ਹੌਂਸਲਾ ਦਿੱਤਾ ਹੈ- ‘ਬਸ ਪਹੁੰਚ ਗਏ ਹੁਣ ਤਾਂ। ਏਥੇ ਤਾਂ ਤੈਨੂੰ ਛੇਤੀ ਹੀ ਰਾਜ਼ੀ ਕਰ ਦੇਣਗੇ। ਹੁਣ ਨਾ ਫ਼ਿਕਰ ਕਰ। ਜਿੰਨਾ ਦੁੱਖ ਭੋਗਣਾ ਸੀ, ਭੋਗਿਆ ਗਿਆ।’

⁠ਮਧੂ ਦੇ ਸਿਰ ਵਿਚ ਲਗਾਤਾਰ ਸਖ਼ਤ ਦਰਦ ਹੋ ਰਿਹਾ ਹੈ। ਕਮਰ ਤੇ ਪਿੰਜਣੀਆਂ ਵਿਚੋਂ ਦੌਰੇ ਵਾਂਗ ਪੀੜਾਂ ਉੱਠਦੀਆਂ ਹਨ। ਇਹਨਾਂ ਪੀੜਾਂ ਦੇ ਬੇਹੱਦ ਵਧ ਜਾਣ ਨਾਲ ਉਸਦੇ ਸਰੀਰ ਨੂੰ ਭੌਣੀ ਆਉਂਦੀ ਹੈ। ਸਾਰਾ ਪਿੰਡਾ ਮੁੜ੍ਹਕੇ ਨਾਲ ਭਿੱਜ ਜਾਂਦਾ ਹੈ ਤੇ ਫਿਰ ਠੰਡਾ ਬਰਫ਼ ਹੋ ਜਾਂਦਾ ਹੈ। ਕੁਝ ਦੇਰ ਹੀ ਆਰਾਮ ਰਹਿੰਦਾ ਹੈ ਤੇ ਫਿਰ ਸੁੱਕੇ ਉਵੱਤ ਆਉਣ ਲੱਗਦੇ ਹਨ, ਸਰੀਰ ਦੀਆਂ ਸਖ਼ਤ ਦੀਆਂ ਸਖ਼ਤ ਪੀੜਾਂ ਸ਼ੁਰੂ ਹੋ ਜਾਂਦੀਆਂ ਹਨ। ਪਿਛਲੇ ਇਕ ਹਫ਼ਤੇ ਤੋਂ ਮਧੂ ਦੀ ਇਹ ਹਾਲਤ ਬਣੀ ਹੋਈ ਹੈ।

⁠ਉਹ ਦੂਰ ਪਿੰਡ ਦਾ ਰਹਿਣ ਵਾਲਾ ਹੈ। ਸਰਕਾਰੀ ਮੁਲਾਜ਼ਮ ਹੈ। ਤਨਖ਼ਾਹ ਬਹੁਤ ਥੋੜ੍ਹੀ ਹੈ। ਹੋਰ ਆਮਦਨ ਕੋਈ ਨਹੀਂ। ਦੋ ਬੱਚੇ ਹਨ। ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ।

⁠ਮਧੂ ਦੀ ਦੋ-ਤਿੰਨ ਦਿਨ ਇਹ ਹਾਲਤ ਰਹੀ ਸੀ ਤਾਂ ਨੇੜੇ ਦੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਸਾਗਰ ਉਸਨੂੰ ਲੈ ਗਿਆ ਸੀ। ਹਸਪਤਾਲ ਵਾਲਿਆਂ ਨੇ ਚਾਰ ਦਿਨ ਉਸਨੂੰ ਰੱਖਿਆ ਸੀਤੇ ਆਪਣੀ ਸਮਝ ਅਨੁਸਾਰ ਉਸ ਦਾ ਇਲਾਜ ਕੀਤਾ ਸੀ, ਪਰ ਉਸਦੀ ਹਾਲਤ ਤਾਂ ਪਹਿਲਾਂ ਨਾਲੋਂ ਵੀ ਨਿਘਰਦੀ ਗਈ ਸੀ। ਅਖ਼ੀਰ ਉਹਨਾਂ ਨੇ ਸਲਾਹ ਦਿੱਤੀ ਸੀ- ‘ਇਸ ਨੂੰ ਹੁਣੇ ਹੀ ਨਹਿਰੂ ਸੇਹਤ-ਕੇਂਦਰ ਲੈ ਜਾਓ। ਬੀਮਾਰੀ ਖ਼ਤਰਨਾਕ ਦਿਸਦੀ ਹੈ। ਇਸ ਦਾ ਇਲਾਜ ਤਾਂ ਉੱਥੇ ਹੀ ਹੋਵੇਗਾ। ਟੈਕਸੀ ਵਿਚ ਪਾ ਕੇ ਲੈ ਜਾਓ, ਬਸ।’

⁠ਨੇੜੇ ਦੇ ਸ਼ਹਿਰ ਤੋਂ ਸੌ ਮੀਲ ਦੂਰ ਇਕ ਵੱਡੇ ਸ਼ਹਿਰ ਵਿਚ ‘ਨਹਿਰੂ ਸੇਹਤ-ਕੇਂਦਰ’ ਬਣਿਆ ਹੋਇਆ ਹੈ। ਕਈ ਕਰੋੜ ਰੁਪਿਆ ਖ਼ਰਚ ਕੀਤਾ ਗਿਆ ਹੈ। ਪ੍ਰਾਂਤ ਦਾ ਸਭ ਤੋਂ ਵੱਡਾ ਹਸਪਤਾਲ। ਦੇਸ਼ ਦੇ ਕੁਝ ਇਕ ਵੱਡੇ ਰਿਸਰਚ ਇੰਸਟੀਚਿਊਟ ਵਿਚੋਂ ਇਕ। ਦੂਜੇ ਪ੍ਰਾਂਤਾਂ ਦੇ ਵਿਗੜੇ ਕੇਸ ਏਥੇ ਆਉਂਦੇ ਹਨ।

⁠ਟੈਕਸੀ ਐਮਰਜੰਸੀ ਵਾਰਡ ਦੇ ਦਰਵਾਜੇ ਅੱਗੇ ਜਾ ਖੜ੍ਹੀ ਹੈ। ਲੱਤਾਂ ਤੇ ਢੂਹੀ ਹੇਠ ਦੀ ਹੱਥ ਪਾ ਕੇ ਸਾਗਰ ਨੇ ਮਧੂ ਨੂੰ ਟੈਕਸੀ ਵਿਚੋਂ ਕੱਢਿਆ ਹੈ ਤੇ ਪਹਿਲਾਂ ਹੀ ਤਿਆਰ ਹਸਪਤਾਲ ਦੀ ਟਰਾਲੀ ਉੱਤੇ ਉਸ ਨੂੰ ਲਿਟਾ ਦਿੱਤਾ ਹੈ। ਟਰਾਲੀ ਵਾਲਾ ਕਰਮਚਾਰੀ ਉਸ ਨੂੰ ਅੰਦਰ ਲੈ ਜਾ ਰਿਹਾ ਹੈ।

⁠‘ਕੀ ਬੀਮਾਰੀ ਹੈ ਜੀ?’ ਟਰਾਲੀਮੈਨ ਨੇ ਸਾਗਰ ਨੂੰ ਪੁੱਛਿਆ ਹੈ।

⁠‘ਬਸ ਜੀ, ਦਰਦ ਹੁੰਦਾ ਸਮਝ ਲਓ।’ ਸਾਗਰ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਹੈ, ਜਿਵੇਂ ਇਹ ਕੋਈ ਖ਼ਾਸ ਬੀਮਾਰੀ ਨਹੀਂ ਸੀ, ਪਰ ਹੁਣ ਤਾਂ ਇਹੀ ਖ਼ਾਸ ਬਣੀ ਹੋਈ ਹੈ।

⁠‘ਪਹਿਲਾਂ ਨਹੀਂ ਦੇਖਾਇਆ ਕਿਸੇ ਨੂੰ?’ ਟਰਾਲੀਮੈਨ ਨੇ ਸਵਾਲ ਕੁਝ ਇਸ ਤਰ੍ਹਾਂ ਕੀਤਾ ਹੈ, ਜਿਵੇਂ ਕਹਿ ਰਿਹਾ ਹੋਵੇ, ਐਨੀ ਕੁ ਬੀਮਾਰੀ ’ਤੇ ਲੈ ਆਏ ਐਮਰਜੰਸੀ ਵਿਚ?

⁠‘ਬਹੁਤ ਦਿਖਾਇਐ, ਯਾਰ। ਆਖ਼ਰ ਨੂੰ ਆਏ ਆਂ।’ ਸਾਗਰ ਨੇ ਕਿਹਾ ਹੈ।

⁠ਟਰਾਲੀਮੈਨ ਗੁੱਝਾ-ਗੁੱਝਾ ਮੁਸਕਰਾਇਆ ਹੈ। ਵੇਟਿੰਗ ਹਾਲ ਵਿਚ ਜਾ ਕੇ ਟਰਾਲੀ ਉਸ ਨੇ ਖੜ੍ਹਾਅ ਦਿੱਤੀ ਹੈ। ਇਕ ਬੈੱਡ ਵੱਲ ਇਸ਼ਾਰਾ ਕਰਕੇ ਸਾਗਰ ਨੂੰ ਕਿਹਾ ਹੈ- ‘ਲਿਟਾਅ ਦਿਓ ਇਸ ’ਤੇ। ਡਾਕਟਰ ਸਾਅਬ ਆਉਂਦੇ ਨੇ।’

⁠ਵੇਟਿੰਗ ਹਾਲ ਦੇ ਬੈੱਡ ਨੰਬਰ ਦੋ ’ਤੇ ਪਈ ਮਧੂ ਸਹਿਜ ਹੋ ਗਈ ਦਿਸਦੀ ਹੈ। ਕੋਈ ਉਵੱਤ ਨਹੀਂ। ਲੱਤਾਂ ਤੇ ਕਮਰ ਵਿਚ ਕੋਈ ਦਰਦ ਨਹੀਂ। ਨਾ ਤੌਣੀ ਤੇ ਨਾ ਸਰੀਰ ਠੰਡਾ। ਸ਼ਾਇਦ ਸਿਰ ਦਰਦ ਵੀ ਨਹੀਂ ਹੋ ਰਿਹਾ। ਹੋ ਵੀ ਰਿਹਾ ਹੋਵੇਗਾ ਤਾਂ ਸਖ਼ਤ ਨਹੀਂ।

⁠ਡਿਊਟੀ 'ਤੇ ਹਾਜ਼ਰ ਡਾਕਟਰ ਆਇਆ ਹੈ।

⁠‘ਬੀਬੀ ਜੀ, ਕੈਸੀ ਤਬੀਅਤ ਹੈ।’

⁠‘ਪੀੜਾਂ ਪੈਂਦੀਆਂ ਨੇ, ਵੀਰ ਜੀ’ ਮਧੂ ਨੇ ਬਹੁਤ ਧੀਮੀ ਆਵਾਜ਼ ਵਿਚ ਜਵਾਬ ਦਿੱਤਾ ਹੈ। ‘ਵੀਰ ਜੀ’ ਕਹਿ ਕੇ ਡਾਕਟਰ ਵੱਲ ਅਪਣੱਤ ਦਿਖਾਉਣ ਦੀ ਕੋਸ਼ਿਸ਼ ਵੀ ਕਰ ਗਈ ਹੈ।

⁠‘ਜ਼ਬਾਨ ਦਿਖਾਓ।’ ਡਾਕਟਰ ਨੇ ਖਰ੍ਹਵਾ ਬੋਲ ਕੱਢਿਆ ਹੈ।

⁠ਜੀਭ ਬਾਹਰ ਕੱਢ ਕੇ ਮਧੂ ਉਤਸੁਕ ਅੱਖਾਂ ਨਾਲ ਡਾਕਟਰ ਦੇ ਚਿਹਰੇ ਵੱਲ ਝਾਕ ਰਹੀ ਹੈ।

⁠‘ਬੈਠੋ, ਬੈਠ ਜਾਓ। ਡਾਕਟਰ ਨੇ ਸਿਰਫ਼ ਜ਼ਬਾਨ ਹੀ ਹਿਲਾਈ ਹੈ।

⁠ਸਰੀਰ ਦਾ ਸਾਰਾ ਜ਼ੋਰ ਲਾਉਣ 'ਤੇ ਵੀ ਉਹ ਆਪ ਬੈਠੀ ਨਹੀਂ ਹੋ ਸਕੀ। ਸਾਗਰ ਨੇ ਉਸਨੂੰ ਸਹਾਰਾ ਦੇ ਕੇ ਬਿਠਾਉਣਾ ਚਾਹਿਆ ਹੈ, ਪਰ ਡਾਕਟਰ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਹੈ।

⁠‘ਡਾਕਟਰ ਸਾਅਬ...’ ਸਾਗਰ ਨੇ ਹੱਥ ਜੋੜੇ ਹਨ।

⁠‘ਐਮਰਜੰਸੀ ਵਾਲਾ ਤਾਂ ਇਹ ਕੇਸ ਨਹੀਂ।’ ਮਧੂ ਤੋਂ ਜ਼ਰਾ ਦੂਰ ਹੋ ਕੇ ਡਾਕਟਰ ਨੇ ਸਾਗਰ ਨੂੰ ਕਿਹਾ ਹੈ।

⁠‘ਇਹ ਤਾਂ ਬਹੁਤ ਤੰਗ ਐ, ਡਾਕਟਰ ਸਾਅਬ। ਓਥੋਂ ਹਸਪਤਾਲ ਵਾਲਿਆਂ ਨੇ ਸਾਨੂੰ ਆਪ ਭੇਜਿਐ।’ ⁠'ਡਿਸਚਾਰਜ ਸਲਿੱਪ ਦਿਖਾਓ।'

⁠ਸਾਗਰ ਨੇ ਆਪਣੇ ਨੇੜੇ ਦੇ ਹਸਪਤਾਲ ਵਾਲੀ ਸਲਿੱਪ ਦਿਖਾਈ ਹੈ।

⁠'ਠੀਕ ਐ’ ਕਹਿ ਕੇ ਡਾਕਟਰ ਨੇ ਸਲਿੱਪ ਸਾਗਰ ਦੇ ਹੱਥਾਂ ਵਿਚ ਦੇ ਦਿੱਤੀ ਹੈ। ਕਿਹਾ ਹੈ, ‘ਓ. ਪੀ. ਡੀ. ਵਿਚ ਦਿਖਾਓ ਪਰਸੋਂ, ਕੱਲ੍ਹ ਨੂੰ ਐਤਵਾਰ ਐ।’

⁠'ਅੱਜ ਕਿੱਥੇ ਰਹੀਏ, ਡਾਕਟਰ ਸਾਅਬ? ਸਾਡਾ ਤਾਂ ਇਸ ਵੱਡੇ ਸ਼ਹਿਰ ਵਿਚ ਕੋਈ ਨਹੀਂ। ਇਹੀ ਹਾਲਤ ਰਹੀ ਤਾਂ ਪਰਸੋਂ ਤਕ ਇਹ ਬਚੇਗੀ ਕਿਵੇਂ?’

⁠‘ਬਸ, ਕਹਿ ਜੁ ਦਿੱਤਾ, ਪਰਸੋਂ ਨੂੰ ਓ. ਪੀ. ਡੀ।’

⁠ਡਾਕਟਰ ਸਾਅਬ, ਮੈਂ ਬਹੁਤ ਦੁਖੀ ਆ। ਗ਼ਰੀਬ ਮੁਲਾਜ਼ਮ ਆਂ। ਦੋ ਬੱਚੇ ਨੇ। ਜੇ ਇਸ ਨੂੰ ਕੁਛ ਹੋ ਗਿਆ....’ 

⁠‘ਦੇਖੋ ਮਿਸਟਰ, ਇਸ ਸੰਸਾਰ ਵਿਚ ਸਾਰੇ ਹੀ ਦੁਖੀ ਹਨ। ਕੋਈ ਘੱਟ, ਕੋਈ ਵੱਧ। ਤੁਸੀਂ ਥੋੜ੍ਹਾ ਜਿਹਾ ਵੱਧ ਹੋਵੋਗੇ। ਪਰਸੋਂ ਨੂੰ ਆਣਾ।’

⁠ਸਾਗਰ ਫਿਰ ਗਿੜਗਿੜਾਇਆ ਹੈ। ਡਾਕਟਰ ਦੇ ਗੋਡਿਆਂ ਵੱਲ ਨਿਗਾਹ ਕੀਤੀ ਹੈ। ਡਾਕਟਰ ਜਾ ਚੁੱਕਿਆ ਹੈ। ਸਾਗਰ ਦੀਆਂ ਨਿਗਾਹਾਂ ਸੇਹਤ-ਕੇਂਦਰ ਦੇ ਚਿਪਸ ਲੱਗੇ ਚਿਲਕਦੇ ਫ਼ਰਸ਼ ਉੱਤੇ ਗੱਡੀਆਂ ਰਹਿ ਗਈਆ ਹਨ।

⁠ਮਧੂ ਦੀ ਦਿਲ-ਚੀਰਵੀਂ ਹੂੰਗਰ ਸੁਣੀ ਹੈ। 

⁠'ਕਿਉ ਮਧੂ?'

⁠'ਸਿਰ ਫੜਾਓ।' 

⁠ਉਹ ਉਸ ਦਾ ਸਿਰ ਘੱਟਦਾ ਹੈ। 

⁠'ਹਾਏ, ਢੂਹੀ ਮੱਚ ਗਈ।'

⁠ਉਹ ਇਕ ਹੱਥ ਨਾਲ ਉਸ ਦੀ ਕਮਰ ਦਬਾਉਣ ਲੱਗਿਆ ਹੈ। ਇਕ ਹੱਥ ਨਾਲ ਉਸ ਦੇ ਸਿਰ ਨੂੰ ਫੜਿਆ ਹੋਇਆ ਹੈ।

⁠‘ਹਾਏ, ਪਿੰਜਣੀਆਂ...’

⁠ਸਿਰ ਨੂੰ ਛੱਡ ਕੇ ਉਸ ਦਾ ਹੱਥ ਉਸ ਦੀ ਇਕ ਪਿੰਜਣੀ ਨੂੰ ਘੁੱਟਣ ਲੱਗਿਆ ਹੈ। ਇਕ ਹੱਥ ਨਾਲ ਈ ਕਮਰ ਵੀ ਦਬਾ ਰਿਹਾ ਹੈ।

⁠'ਹਾਏ, ਪਿੰਜਣੀਆਂ ’ਚੋਂ ਜਾਨ ਗਈ।'

⁠ਉਹ ਇਕ ਹੱਥ ਨਾਲ ਇੱਕ-ਇੱਕ ਪਿੰਜਣੀ ਨੂੰ ਬਹੁਤ ਜ਼ੋਰ-ਜ਼ੋਰ ਦੀ ਘੁੱਟ ਰਿਹਾ ਹੈ। ਉਸ ਦੀਆਂ ਆਪਣੀਆਂ ਬਾਹਾਂ ਵਿਚ ਦਰਦ ਹੋਣ ਲੱਗਿਆ ਹੈ।

⁠‘ਹਾਏ, ਢੂਹੀ...’

⁠ਉਹ ਕਮਰ ਵੱਲ ਹੋਇਆ ਹੈ।

⁠‘ਹਾਏ ਸਿਰ.... ’ਤੇ ਫਿਰ ਮਧੂ ਦੀਆਂ ਅੱਖਾਂ ਖੜ੍ਹ ਗਈਆਂ ਹਨ। ਹੁਣ ਉਸ ਨੂੰ ਕੋਈ ਹੋਸ਼ ਨਹੀਂ। ਉਸ ਦੇ ਸਰੀਰ ਦਾ ਕੋਈ ਵੀ ਹਿੱਸਾ ਦੱਬਣਾ ਘੁੱਟਣਾ ਫ਼ਜ਼ੂਲ ਹੈ। ਸਾਰਾ ਸਰੀਰ ਪਾਣੀ ਹੋ ਗਿਆ ਹੈ ਤੇ ਫਿਰ ਠੰਡਾ ਬਰਫ਼। ਮਧੂ ਦੀ ਹੋਸ਼ ਨਹੀਂ ਪਰਤੀ। ਫਿੱਟ...

⁠ਉਹ ਡਾਕਟਰ ਵੱਲ ਭੱਜਿਆ ਹੈ। 

⁠‘ਡਾਕਟਰ ਸਾਅਬ’ ...’ ⁠'ਬਈ, ਸਮਝ ਨਈਂ ਆਈ? ਓ.ਪੀ.ਡੀ. ’ਤੇ ਆਣਾ। ਜਾਓ, ਹੋਰ ਬੜੇ ਮਰੀਜ਼ ਨੇ।’

⁠'ਉਹ ਤਾਂ ਜੀ... ਉਹ ਤਾਂ ਬੇਹੋਸ਼... 

⁠‘ਸ੍ਰੀਮਾਨ ਜੀ, ਜਾਓ...

⁠ਉਹ ਭੱਜ ਕੇ ਮਧੂ ਦੇ ਬੈੱਡ ਕੋਲ ਆਇਆ ਹੈ। 

⁠'ਮਧੂ?'

⁠'ਮਧੂ ਹੋਸ਼ ਵਿਚ ਹੈ। 

⁠‘ਕੀ ਕਹਿੰਦੇ ਨੇ?’ ਮਧੂ ਨੇ ਬਹੁਤ ਧੀਮੀ ਆਵਾਜ਼ ਵਿਚ ਪੁੱਛਿਆ ਹੈ। 

⁠‘ਦਾਖ਼ਲ ਨਹੀਂ ਕਰ ਰਹੇ।’ 

⁠‘ਹੁਣ ਫੇਰ?....’ 

⁠ਸ਼ਾਮ ਦੇ ਛੇ ਵੱਜ ਚੁੱਕੇ ਹਨ। ਸਰਦੀ ਦੀ ਰੁੱਤ ਹੈ। ਹਨੇਰਾ ਪਸਰਣ ਲੱਗਿਆ ਹੈ।

⁠ਮਧੂ ਨੂੰ ਬੈੱਡ ਉੱਤੇ ਹੀ ਛੱਡ ਕੇ ਸਾਗਰ ਇਕ ਬਿੰਦ ਵੇਟਿੰਗ ਹਾਲ ਦੇ ਦਰਵਾਜ਼ੇ ਤੋਂ ਬਾਹਰ ਝਾਕਿਆ ਹੈ। ਟਰਾਲੀ ਨਵਾਂ ਮਰੀਜ਼ ਲੈ ਕੇ ਆਈ ਹੈ। ਗਰਮ ਕੋਟ ਪੈਂਟ ਨਾਲ ਚਿੱਟਾ ਕਮੀਜ਼ ਪਹਿਨਿਆ ਹੋਇਆ ਹੈ। ਟਾਈ ਦੀ ਨਾਟ ਢਿੱਲੀ ਹੈ ਤੇ ਕਮੀਜ਼ ਦਾ ਉਤਲਾ ਬਟਨ ਖੁੱਲ੍ਹਾ ਹੈ। ਸੁਬਕ ਜਿਹਾ ਨੌਜਵਾਨ ਹੈ। ਸਿਰ ਉੱਤੇ ਲੰਬੇ ਵਾਲ਼, ਧੁਰ ਜਬਾੜੇ ਤਕ ਰੱਖੀਆਂ ਕਲਮਾਂ ਤੇ ਨਿੱਕੀਆਂ-ਨਿੱਕੀਆਂ ਮੁੱਛਾਂ। ਉਸ ਦੇ ਇਕ ਪੈਰ ਉੱਤੇ ਸੱਟ ਲੱਗੀ ਹੈ। ਉਸਦੀ ਟਰਾਲੀ ਨੂੰ ਵੇਟਿੰਗ ਹਾਲ ਵਿਚ ਨਹੀਂ ਲਿਆਂਦਾ ਗਿਆ। ਸਿੱਧਾ ਹੀ ਵਾਰਡ ਦੇ ਬੈੱਡ ਉੱਤੇ ਹੀ ਲਿਜਾ ਕੇ ਉਸ ਨੂੰ ਲਿਟਾਅ ਦਿੱਤਾ ਗਿਆ। ਟਰਾਲੀ ਉੱਤੋਂ ਆਪ ਹੀ ਉੱਠ ਕੇ ਉਹ ਥੱਲੇ ਉਤਰਿਆ ਸੀ ਤੇ ਬਿਨ੍ਹਾਂ ਕਿਸੇ ਤਕਲੀਫ਼ ਦੇ ਬੈੱਡ ਉੱਤੇ ਲੇਟ ਗਿਆ ਸੀ। ਨਾਲ ਆਏ ਦੋ ਲੜਕਿਆ ਨੇ ਡਿਊਟੀ ਉੱਤੇ ਹਾਜ਼ਰ ਡਾਕਟਰ ਦੇ ਕੰਨ ਵਿਚ ਕੁਝ ਕਿਹਾ ਸੀ, ਏਸੇ ਕਰਕੇ ਹੀ ਸ਼ਾਇਦ ਉਸ ਨੂੰ ਝੱਟ ਤੇ ਸਿੱਧਾ ਹੀ ਦਾਖ਼ਲ ਕਰ ਲਿਆ ਸੀ। ਟਰਾਲੀ ਉੱਤੋਂ ਆਪ ਹੀ ਉਤਰਨ ਤੇ ਫਿਰ ਬੈਂਡ ਉੱਤੇ ਆਪ ਹੀ ਲੇਟ ਜਾਣ ’ਤੇ ਉਸ ਦੁਆਲੇ ਖੜ੍ਹੀਆਂ ਦੋ ਸਿਸਟਰਾਂ ਉਸ ਦੇ ਚਿਹਰੇ ਵੱਲ ਗਹੁ ਨਾਲ ਦੇਖ ਰਹੀਆਂ ਹਨ। ਉਹ ਮੁਸਕਰਾ ਰਿਹਾ ਹੈ। ਇਕ ਸਿਸਟਰ ਨੇ ਆਪਣੇ ਬੁੱਲ੍ਹ ਸੁਕੇੜ ਕੇ ਸਿਰ ਝਟਕਿਆ ਹੈ। ਸੋਚ ਰਹੀ ਹੋਵੇਗੀ-ਐਮਰਜੰਸੀ ਵਿਚ ਆਉਣ ਦਾ ਮਤਲਬ? 

⁠ਚਾਰ ਹੋਰ ਡਾਕਟਰ ਬੈੱਡ ਦੁਆਲੇ ਆਏ ਹਨ ਤੇ ਉਸ ਮਰੀਜ਼ ਦੀ ਜਾਂਚ ਪੜਤਾਲ ਕਰਨ ਲੱਗੇ ਹਨ।

⁠ਡਿਊਟੀ ਉੱਤੇ ਹਾਜ਼ਰ ਡਾਕਟਰ ਨੇ ਸਾਗਰ ਨੂੰ ਵਾਰਡ ਵਿਚ ਖੜ੍ਹਾ ਦੇਖ ਲਿਆ ਹੈ। ਸਿਸਟਰ ਨੂੰ ਅੱਖ ਦਾ ਇਸ਼ਾਰਾ ਕੀਤਾ ਹੈ। ਸਿਸਟਰ ਸਾਗਰ ਕੋਲ ਆਈ ਹੈ। ਪੁੱਛਿਆ ਹੈ- 'ਤੁਹਾਡਾ ਕੋਈ ਪੇਸ਼ੈਂਟ ਹੈ ਏਥੇ?'

⁠'ਨਹੀਂ, ਉਹ ਤਾਂ....’ 

⁠'ਪਲੀਜ਼, ਬਾਹਰ ਜਾਓ।' 

⁠‘ਉਹ ਤਾਂ ਵੇਟਿੰਗ...’ 

⁠‘ਮੈਂ ਕਿਹਾ, ਪਲੀਜ਼..’ ⁠ਸਾਗਰ ਵਾਰਡ ਤੋਂ ਬਾਹਰ ਆ ਗਿਆ ਹੈ। ਉਸ ਦੀ ਕੋਈ ਪੁੱਛ ਨਹੀਂ। ਉਸ ਦਾ ਹਰਾਸ ਟੁੱਟ ਗਿਆ ਹੈ। ਕਾਹਲੇ ਕਦਮੀਂ ਉਹ ਵੇਟਿੰਗ ਹਾਲ ਵਿਚ ਆਇਆ ਹੈ। ਮਧੂ ਨਾਰਮਲ ਹੈ। ਪੁੱਛਿਆ ਹੈ, 'ਕੀ ਬਣਿਆ?'

⁠‘ਕੁਛ ਨਹੀਂ, ਕੁਛ ਵੀ ਨਹੀਂ।’ 

⁠'ਹੁਣ ਫੇਰ?' 

⁠'ਚੱਲੀਏ ਫੇਰ? ਏਥੇ ਕੋਈ ਸਰਾਂ ਦੱਸਦੇ ਨੇ। ਉੱਥੇ ਰਾਤ ਕੱਟਦੇ ਆਂ।'

⁠'ਕੱਲ੍ਹ ਨੂੰ ਤਾਂ ਐਤਵਾਰ ਐ, ਪਰਸੋਂ ਦੇਖਣਗੇ।’

⁠'ਐਤਵਾਰ? ਹਾਏ, ਕਿਵੇਂ ਨਿੱਕਲਣਗੀਆਂ ਦੋ ਰਾਤਾਂ?’ ਉਸ ਦੀ ਹਾਲਤ ਫਿਰ ਵਿਗੜਣ ਲੱਗੀ ਹੈ।

⁠ਟਰਾਲੀ ਉੱਤੇ ਪਵਾ ਕੇ ਉਹ ਮਧੂ ਨੂੰ ਬਾਹਰ ਲਿਜਾ ਰਿਹਾ ਹੈ।

⁠ਜਾਂਦੇ-ਜਾਂਦੇ ਵਾਰਡ ਦੇ ਮੇਨ ਗੇਟ ਕੋਲ ਡਿਊਟੀ 'ਤੇ ਬੈਠੇ ਕਲਰਕ ਤੋਂ ਸਾਗਰ ਨੇ ਪੁੱਛਿਆ ਹੈ- ‘ਕਿਉਂ ਜੀ, ਕੱਲ੍ਹ ਨੂੰ ਨਹੀਂ ਕੁਛ ਹੋ ਸਕਦਾ?’

⁠‘ਹੋਣਾ ਹੁੰਦਾ ਤਾਂ ਭਾਈ ਸਾਅਬ ਅੱਜ ਹੀ ਹੋ ਜਾਂਦਾ।’ 

⁠'ਹੁਣ ਕੋਈ ਰਾਹ?'

⁠‘ਇਕੋ ਰਾਹ ਐ ਬਸ, ਸਿਫ਼ਾਰਸ਼।’

⁠‘ਹਾਂ, ਜੁੱਗ ਹੀ ਸਿਫ਼ਾਰਸ਼ ਦਾ ਐ। ਆਹ ਤੁਹਾਡੇ ਸਾਹਮਣੇ ਹੁਣੇ ਮਰੀਜ਼ ਦਾਖ਼ਲ ਹੋਇਐ। ਪੈਰ ’ਤੇ ਸਾਧਾਰਨ ਚੋਟ ਆਈ ਐ। ਇਸ ਨੂੰ ਤਾਂ ਕੋਈ ਵੀ ਡਾਕਟਰ ਲੈ ਸਕਦਾ ਸੀ। ਐਮਰਜੰਸੀ ਵਾਲਾ ਤਾਂ ਕੇਸ ਨਹੀਂ ਇਹ...?’

⁠'ਨਹੀਂ ਹੈ।' 

⁠'ਫੇਰ? ਪਤੈ ਕਿਸ ਦਾ ਮੁੰਡਾ ਐ ਇਹ?' 

⁠'ਕਿਸ ਦਾ ਐ?'

⁠ਕਲਰਕ ਪ੍ਰਾਂਤ ਦੇ ਇਕ ਵੱਡੇ ਪੁਲਿਸ ਅਫ਼ਸਰ ਦਾ ਨਾਉਂ ਲੈਂਦਾ ਹੈ, ਕਹਿੰਦਾ ਹੈ- ‘ਡੰਡਾ ਕੰਮ ਕਰਦਾ ਐ, ਭਾਈ ਸਾਅਬ। ਸਿਫ਼ਾਰਸ਼ ਦਾ ਡੰਡਾ।’

⁠ਟਰਾਲੀ ਮਧੂ ਨੂੰ ਲੈ ਕੇ ਕਾਰੀਡੋਰ ਦਾ ਅੱਧ ਟੱਪ ਗਈ ਹੈ। ਗੁਰੂ ਕਾਹਲ ਨਾਲ ਟਰਾਲੀ ਨਾਲ ਰਲ਼ਿਆ ਹੈ। ਐਮਰਜੰਸੀ ਦੇ ਵੱਡੇ ਗੇਟ ਤੋਂ ਪਾਰ ਟਰਾਲੀਮੈਨ ਨੇ ਮਧੂ ਨੂੰ ਉਸ ਥਾਂ ਉੱਤੇ ਉਤਾਰ ਦਿੱਤਾ ਹੈ, ਜਿੱਥੇ ਟੈਕਸੀ ਉਸ ਨੂੰ ਛੱਡ ਕੇ ਗਈ ਸੀ।

⁠ਇਕ ਮੋਟਰ ਰਿਕਸ਼ਾ ਵਿਚ ਬਿਠਾ ਕੇ ਸਾਗਰ ਉਸ ਨੂੰ ਸਰਾਂ ਦੇ ਦਰਵਾਜ਼ੇ ਤਕ ਲੈ ਆਇਆ ਹੈ। ਉਸ ਨੂੰ ਰਿਕਸ਼ਾ ਵਿਚ ਬੈਠੀ ਛੱਡ ਕੇ ਹੀ ਉਹ ਆਪ ਅੰਦਰ ਸਰਾਂ ਵਿਚ ਗਿਆ ਹੈ, ਪੁੱਛਗਿੱਛ ਕੀਤੀ ਹੈ। ਕੋਈ ਕਮਰਾ ਖ਼ਾਲੀ ਨਹੀਂ।

⁠'ਮੋਟਰ-ਗੈਰਿਜਾਂ ਦੇ ਪਿਛਲੇ ਪਾਸੇ ਵੀ ਇਕ ਸਰਾਂ ਹੈ।’ ਕਿਸੇ ਨੇ ਦੱਸਿਆ ਹੈ।

⁠ਉਹ ਮੋਟਰ-ਰਿਕਸ਼ਾ ਨੂੰ ਉਸ ਛੋਟੀ ਸਰਾਂ ਦੇ ਦਰਵਾਜ਼ੇ ਉੱਤੇ ਲੈ ਆਇਆ ਹੈ। ਉੱਥੇ ਵੀ ਕੋਈ ਖ਼ਾਲੀ ਕਮਰਾ ਨਹੀਂ।

⁠ਕਿਥੇ ਲੈ ਕੇ ਜਾਵੇ ਉਹ ਹੁਣ ਮਧੂ ਨੂੰ? 

⁠ਸ਼ਹਿਰ ਵਿਚ ਤਾਂ ਕੋਈ ਵੀ ਠਹਿਰ ਨਹੀਂ। ਕੋਈ ਵੀ ਜਾਣ-ਪਹਿਚਾਣ ਨਹੀਂ। ⁠ਸਰਦੀ ਬਹੁਤ ਉੱਤਰ ਆਈ ਹੈ। ਬਰਫ਼ ਭਿੱਜੀ ਤੇਜ਼ ਹਵਾ ਛੁਰੀ ਵਾਂਗ ਪਿੰਡਿਆ ਨੂੰ ਤੱਛ ਕੇ ਲੰਘ ਜਾਂਦੀ ਹੈ।

⁠'ਐਥੇ ਕਿਸੇ ਮੋਟਰ-ਗੈਰਿਜ ਵਿਚ ਹੀ ਬਿਸਤਰਾ ਲਾ ਲਉ ਦੋਸਤ। ਰਾਤ ਨਿੱਕਲ ਜਾਏਗੀ। ਸਵੇਰੇ ਕੋਈ ਪ੍ਰਬੰਧ ਕਰ ਲੈਣਾ।' ਰਿਕਸ਼ਾ ਡਰਾਇਵਰ ਨੇ ਸਲਾਹ ਦਿੱਤੀ ਹੈ।

⁠ਸਾਗਰ ਨੇ ਦੇਖਿਆ ਹੈ, ਮੋਟਰ-ਗੈਰਿਜਾਂ ਦੇ ਤਿੜਕੇ ਟੁੱਟੇ ਫ਼ਰਸ਼ਾਂ ਉੱਤੇ ਹੋਰ ਲੋਕਾਂ ਦੇ ਬਿਸਤਰੇ ਲੱਗੇ ਹੋਏ ਹਨ। ਇਕ ਖੂੰਜਾ ਜਿਹਾ ਦੇਖ ਕੇ ਉਸ ਨੇ ਵੀ ਆਪਣਾ ਬਿਸਤਰਾ ਖੋਲ੍ਹ ਦਿੱਤਾ ਹੈ। ਗੁਦੈਲੇ ਉੱਤੇ ਘਸੀ ਹੋਈ ਚਾਦਰ ਵਿਛਾਈ ਹੈ। ਖੇਸ ਦਾ ਸਿਰਹਾਣਾ ਲੈ ਕੇ ਮਧੂ ਨੂੰ ਮੋਟਰ ਰਿਕਸ਼ਾ ਵਿਚੋਂ ਬਾਹੋਂ ਫੜ ਕੇ ਉਤਾਰਿਆ ਹੈ। ਮਧੂ ਖੜ੍ਹ ਨਹੀਂ ਸਕੀ ਹੈ। ਥਾਂ ਦੀ ਥਾਂ ਲੁੜਕ ਗਈ ਹੈ। ਆਪਣੇ ਮੋਢੇ ਚੁੱਕ ਕੇ ਸਾਗਰ ਨੇ ਉਸ ਨੂੰ ਬਿਸਤਰੇ ਉੱਤੇ ਲਿਟਾਅ ਦਿੱਤਾ ਹੈ। ਰਿਕਸ਼ਾ ਵਾਲੇ ਨੂੰ ਪੁੱਛਿਆ ਹੈ, 'ਕਿੰਨੇ ਪੈਸੇ ਦਿਆਂ'

⁠ਜਿੰਨੇ ਮਰਜ਼ੀ ਦੇ ਦਿਓ, ਬਾਦਸ਼ਾਓ।' 

⁠'ਫੇਰ ਵੀ?' 

⁠'ਦੇ ਦਿਉ। ਜੇ ਦਸ ਪੈਸੇ ਘੱਟ ਵੀ ਦੇ ਦਿਉਗੇ ਤਾਂ ਵੀ ਕੀਹ ਐ।' 

⁠'ਨਾਂਹ, ਦੱਸ ਦਿਓ।'

⁠ਤੇ ਫਿਰ ਜਿੰਨੇ ਪੈਸੇ ਉਸ ਨੇ ਮੰਗੇ ਹਨ, ਸਾਗਰ ਨੂੰ ਵੱਧ ਜਾਪੇ ਹਨ, ਪਰ ਉਸ ਨੇ ਬਿਨਾਂ ਕਿਸੇ ਇਤਰਾਜ਼ ਤੋਂ ਓਨੇ ਹੀ ਦੇ ਦਿੱਤੇ ਹਨ। ਰਜ਼ਾਈ ਦੀ ਤਹਿ ਖੋਲ੍ਹ ਕੇ ਮਧੂ ਦੇ ਸਾਰੇ ਸਰੀਰ ਨੂੰ ਚੰਗੀ ਤਰ੍ਹਾਂ ਲਪੇਟ ਦਿੱਤਾ ਹੈ। 

⁠ਮਧੂ ਸਹਿਜ ਅਵਸਥਾ ਵਿਚ ਹੈ।

⁠ਉਹ ਉਸ ਦਾ ਦਿਲ ਧਰਾ ਕੇ ਕਾਹਲ ਨਾਲ ਬੱਸ ਸਟਾਪ ਕੋਲ ਬਣੇ ਅਸਥਾਈ ਹੋਟਲਾਂ 'ਤੇ ਗਿਆ ਹੈ। ਜੋ ਵੀ ਹੋਟਲ ਸਾਹਮਣੇ ਆਇਆ ਹੈ, ਉਸ ਵਿਚ ਉਹਨੇ ਛੇਤੀ-ਛੇਤੀ ਰੋਟੀ ਖਾਧੀ ਹੈ। ਖਾਧੀ ਕਾਹਨੂੰ, ਪਸ਼ੂਆਂ ਵਾਂਗ ਅੱਧ-ਚਿੱਥੀ ਹੀ ਅੰਦਰ ਨਿਗ਼ਲ ਲਈ ਹੈ। ਉਸ ਨੂੰ ਪਤਾ ਹੈ, ਮਧੂ ਨੇ ਰੋਟੀ ਨਹੀਂ ਖਾਣੀ। ਦੁੱਧ ਵੀ ਸ਼ਾਇਦ ਹੀ ਪੀ ਸਕੇ। ਉਸ ਨੇ ਇਕ ਗਿਲਾਸ ਚਾਹ ਬਣਵਾਈ ਹੈ ਤੇ ਡਬਲ ਰੋਟੀ ਦੇ ਦੋ ਪੀਸ ਲੈ ਕੇ ਹਵਾ ਦੀ ਤੇਜ਼ੀ ਨਾਲ ਮਧੂ ਕੋਲ ਆ ਗਿਆ ਹੈ।

⁠ਮਧੂ ਨੂੰ ਫਿੱਟ ਪਿਆ ਹੋਇਆ ਹੈ। 

⁠ਉਸ ਦੇ ਸਿਰਹਾਣੇ ਕੋਲ ਚਾਹ ਦਾ ਗਿਲਾਸ, ਉੱਤੇ ਡਬਲ ਰੋਟੀ ਦੇ ਪੀਸ ਰੱਖ ਕੇ ਉਹ ਪਾਣੀ ਲੈਣ ਦੌੜ ਗਿਆ ਹੈ। ਪਾਣੀ ਉਸ ਨੂੰ ਨਹੀਂ ਲੱਭ ਰਿਹਾ। ਉਹ ਵਾਪਸ ਆਇਆ ਹੈ ਤੇ ‘ਮਧੂ ਮਧੂ’ ਕਹਿ ਕੇ ਉੱਚੀ ਪਾਗ਼ਲਾਂ ਵਾਂਗ ਉਸ ਨੂੰ ਬੁਲਾਉਣ ਲੱਗਿਅ ਹੈ। ਠੌਡੀ ਫੜ ਕੇ ਉਸ ਨੂੰ ਝੰਜੋੜ ਦਿੱਤਾ ਹੈ। ਉਹ ਨਹੀਂ ਬੋਲੀ। ਫਿਰ ਉਸ ਨੇ ਉਸ ਦਾ ਨੱਕ ਫੜ ਕੇ ਘੁੱਟ ਦਿੱਤਾ ਹੈ। ਦੂਜੇ ਹੱਥ ਨਾਲ ਮੂੰਹ ਖੋਲ੍ਹ ਦਿੱਤਾ ਹੈ। ਮਧੂ ਨੂੰ ਮੂੰਹ ਵਿਚ ਦੀ ਔਖਾ ਸਾਹ ਆ ਗਿਆ ਹੈ। ਉਸ ਨੇ ਅੱਖਾਂ ਪੁੱਟੀਆਂ ਹਨ। 

⁠'ਮਧੂ!'

⁠'ਹਾਂ!' 

⁠'ਠੀਕ ਐਂ?' ⁠'ਹਾਂ ਜੀ।' 

⁠ਸਾਗਰ ਨੇ ਹਥੇਲੀ ਨਾਲ ਮਧੂ ਦੇ ਮੱਥੇ ਉੱਤੋਂ ਪਸੀਨਾ ਪੂੰਝਿਆ ਹੈ। 

⁠'ਚਾਹ ਦੀ ਘੁੱਟ ਲਏਂਗੀ?' 

⁠'ਦੇਖ ਲੈਨੀ ਆਂ।'

⁠'ਡਬਲ ਰੋਟੀ ਦਾ ਪੀਸ ਵੀ ਲੈ ਲੈ। ਦੋ ਲਿਆਂਦੇ ਨੇ। ਅੰਨ ਦਾ ਆਧਾਰ ਹੋਵੇਗਾ ਤਾਂ ਨੀਂਦ ਆ ਜਾਵੇਗੀ। ਰਾਤ ਨਿੱਕਲ ਜਾਵੇਗੀ।

⁠ਮੋਢਿਆਂ ਤੋਂ ਫ਼ੜ ਕੇ ਉਸ ਨੇ ਮਧੂ ਨੂੰ ਬਿਠਾਇਆ ਹੈ। ਚਾਹ ਦਾ ਗਿਲਾਸ ਮੂੰਹ ਨੂੰ ਲਾ ਦਿੱਤਾ ਹੈ। ਛੋਟੀ ਜਿਹੀ ਇਕ ਘੱਟ ਭਰ ਕੇ ਉਹ ਬਸ ਕਰ ਗਈ ਹੈ ਤੇ ਲੇਟ ਜਾਣ ਲਈ ਕਿਹਾ ਹੈ।

⁠'ਕੁਝ ਤਾਂ ਪੀਂਦੀ?'

⁠'ਕੀ ਕਰਾਂ ਜੀ, ਲੰਘਦੀ ਨਹੀਂ।'

⁠'ਹੋਰ ਫੇਰ?'

⁠'ਬਸ ਠੀਕ ਐ, ਕਾਸੇ ਦੀ ਲੋੜ ਨਹੀਂ।'

⁠ਸਾਰੀ ਰਾਤ ਮਧੂ ਦੀ ਹਾਲਤ ਖ਼ਰਾਬ ਰਹੀ ਹੈ। ਸਿਰ, ਕਮਰ ਤੇ ਲੱਤਾਂ ਵਿਚ ਸਖ਼ਤ ਪੀੜਾਂ ਦਾ ਦੌਰਾ, ਤੌਣੀ ਤੇ ਫਿਰ ਠੰਡਾ ਬਰਫ਼ ਸਰੀਰ।

⁠ਉਸ ਦੀ ਗਰਮ ਪੈਂਟ ਪਿਛਲੇ ਸੱਤ ਦਿਨਾਂ ਤੋਂ ਪਜ਼ਾਮਾ ਬਣੀ ਹੋਈ ਹੈ। ਟੈਰੀਕਾਟ ਦਾ ਉਹੀ ਟੀ-ਸ਼ਰਟ ਬਹੁਤ ਮੈਲ਼ਾ ਹੋ ਚੁੱਕਿਆ ਹੈ। ਕੋਟ ਉਹ ਪਾ ਕੇ ਨਹੀਂ ਆਇਆ ਸੀ। ਕਈ ਸਾਲ ਪੁਰਾਣਾ ਅਸਮਾਨੀ ਰੰਗ ਦਾ ਸਵੈਟਰ ਪਹਿਨਿਆਂ ਹੋਇਆ ਹੈ। ਦੋ ਹਫ਼ਤਿਆਂ ਤੋਂ ਮਾਵਾ ਦਿੱਤੀ ਪਾਣੀ ਲਾ ਕੇ ਬੰਨ੍ਹੀ ਪੱਗ ਮੱਥੇ ਤੇ ਗਿੱਚੀ ਤੋਂ ਤੋਲੀਆ ਹੋ ਗਈ ਹੈ। ਸਾਰੀ ਰਾਤ ਹੀ ਉਹ ਮਧੂ ਦੇ ਸਰੀਰ ਵਿਚੋਂ ਉਠਦੀਆਂ ਪੀੜਾਂ ਨੂੰ ਦੱਬਦਾ-ਘੱਟਦਾ ਰਿਹਾ ਹੈ। ਬੈਠਾ ਹੀ ਰਿਹਾ ਹੈ। ਅੱਖ ਤਾਂ ਇਕ ਬਿੰਦ ਵੀ ਨਹੀਂ ਲਾ ਸਕਿਆ।

⁠ਤੇ ਫਿਰ ਛੇ ਵਜੇ ਦੇ ਕਰੀਬ ਮਧੂ ਟਿਕ ਗਈ ਹੈ। ਨਾ ਹੂੰਗਰ ਤੇ ਨਾ ਪਾਸਾ ਪਰਤਦੀ ਹੈ। ਸ਼ਾਇਦ ਸੌਂ ਗਈ ਹੋਵੇਗੀ। ਸੌਂ ਹੀ ਗਈ ਹੋਵੇਗੀ। ਸਾਗਰ ਨੇ ਉਸ ਨੂੰ ਬੁਲਾਉਣਾ ਨਹੀਂ ਚਾਹਿਆ। ਸਾਰੀ ਰਾਤ ਦੀਆਂ ਪੀੜਾਂ ਨਾਲ ਸਰੀਰ ਟੁੱਟ ਕੇ ਨਿਢਾਲ ਹੋ ਗਿਆ ਹੈ। ਏਸੇ ਕਰਕੇ ਹੀ ਨੀਂਦ ਆ ਗਈ ਹੈ। ਚੰਗਾ ਹੀ ਹੈ, ਟਿਕ ਲਵੇ ਬਿੰਦ ਦੀ ਬਿੰਦ। 

⁠ਪਿਸ਼ਾਬ ਕਰਨ ਲਈ ਉਹ ਗੈਰਿਜ ਤੋਂ ਬਾਹਰ ਆਇਆ ਹੈ। ਸੇਹਤ-ਕੇਂਦਰ ਦੀਆਂ ਟਿਊਬਾਂ ਮੱਧਮ-ਮੱਧਮ ਜਗ ਰਹੀਆਂ ਹਨ। ਗੈਰਿਜਾਂ ਉੱਤੇ ਲੱਗੀਆਂ ਝਾਕਟਰਾਂ ਦੀਆਂ ਨੇਮ-ਪਲੇਟ ਵੱਲ ਉਸਦੀ ਨਿਗਾਹ ਗਈ ਹੈ। ਗੈਰਿਜਾਂ ਦੀ ਲਾਈਨ ਦੂਰ ਤਕ ਹੈ। ਸੋ ਉਹ ਚਾਰ-ਪੰਜ ਪਲੇਟਾਂ ਦੇ ਨਾਊਂ ਹੀ ਪੜ੍ਹ ਸਕਿਆ ਹੈ। ਉਂਝ ਉਸ ਨੂੰ ਦੂਰ ਤਕ ਲੱਗੀਆਂ ਕਾਲ਼ੀਆਂ ਪਲੇਟਾਂ ਦਿਸ ਜ਼ਰੂਰ ਰਹੀਆਂ ਹਨ। 'ਕੱਲ੍ਹ ਵਾਲੇ ਡਿਊਟੀ ਉੱਤੇ ਹਾਜ਼ਰ ਡਾਕਟਰ ਦੀ ਕਿਹੜੀ ਪਲੇਟ ਹੋਈ?' ਉਹ ਨਿਗਾਹ ਮਾਰਦਾ ਹੈ। 

⁠ਉਹ ਦੱਬੇ ਪੈਰੀਂ ਗੈਰਿਜ ਦੀ ਛੱਤ ਹੇਠ ਆਇਆ ਹੈ। ਚੁੱਪ ਕਰਕੇ ਮਧੂ ਦੇ ਨਾਲ ਹੀ ਰਜ਼ਾਈ ਵਿਚ ਘੁਸ ਗਿਆ ਹੈ। ਮਧੂ ਹਿੱਲੀ ਨਹੀਂ। ਸਾਗਰ ਨੇ ਇਕ ਬਿੰਦ ਅੱਖ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸੌ ਗਿਆ ਹੈ। ⁠ਸੁਪਨੇ ਵਿਚ ਵੀ ਉਹ ਸੰਘਰਸ਼ ਵਿਚ ਦੀ ਗੁਜ਼ਰ ਰਿਹਾ ਹੈ। ਸਭ ਕਿਸਮ ਦੇ ਲੋਕਾਂ ਲਈ ਡਾਕਟਰੀ ਸਹੂਲਤਾਂ ਇਕੋ ਜਿਹੀਆਂ ਕਿਉਂ ਨਹੀਂ?'

⁠...ਮਧੂ ਜ਼ਿੰਦਗੀ ਨਾਲ ਘੁਲ ਰਹੀ ਹੈ। 

⁠...ਇਹ ਐਮਰਜੰਸੀ ਵਾਲਾ ਕੇਸ ਨਹੀਂ।

⁠...ਪੁਲਿਸ ਅਫ਼ਸਰ ਦਾ ਮੁੰਡਾ, ਪੈਰ ਉੱਤੇ ਹੀ ਚੋਟ ਆਈ ਸੀ, ਮਰ ਤਾਂ ਨਹੀਂ ਚੱਲਿਆ ਸੀ। ਸਿੱਧਾ ਹੀ ਐਮਰਜੰਸੀ ਬੈੱਡ। ਇਹ ਡਾਕਟਰ ਹਨ ਜਾਂ ਬੁੱਚੜ? 

⁠ਉਸ ਦੇ ਸਾਹਮਣੇ ਇਕ ਡਾਕਟਰ ਆਇਆ ਹੈ। ਪੈਂਟ ਦੀ ਹਿੱਪ-ਪਾਕਿੱਟ ਵਿਚੋਂ ਚਾਕੂ ਕੱਢ ਕੇ ਉਸ ਨੇ ਉਸ ਡਾਕਟਰ ਦੀ ਵੱਖੀ ਵਿਚ ਖੋਭ ਦਿੱਤਾ ਹੈ। ਇਕ ਡਾਕਟਰ ਹੋਰ, ਇਕ ਹੋਰ। ਸੱਤ ਡਾਕਟਰ ਜ਼ਮੀਨ ਉੱਤੇ ਮੂਧੇ-ਮੂੰਹ ਡਿੱਗੇ ਪਏ ਹਨ। ਲਹੂ ਵਗ਼ ਰਿਹਾ ਹੈ। ਜ਼ਮੀਨ ਲਾਲ ਹੋ ਗਈ ਹੈ। ਇੱਕ-ਇੱਕ ਡਾਕਟਰ ਨੂੰ ਉਲਟਾ-ਉਲਟਾ ਉਸ ਨੇ ਦੇਖਿਆ ਹੈ। ਇਨ੍ਹਾਂ ਵਿਚ ਕੱਲ੍ਹ ਵਾਲਾ ਡਿਊਟੀ ਉੱਤੇ ਹਾਜ਼ਰ ਡਾਕਟਰ ਤਾਂ ਹੈ ਹੀ ਨਹੀਂ। ਪੈਰਾਂ ਵਿਚ ਕਾਲ਼ੇ ਬੂਟ ਤਾਂ ਸਭ ਦੇ ਹਨ। ਉਸ ਵਰਗੀ ਸਲੇਟੀ ਰੰਗ ਦੀ ਬਰੱਸਟਡ ਪੈਂਟ ਤਾਂ ਕਈਆਂ ਦੇ ਹੈ। ਸਫ਼ੈਦ ਕੋਟ ਤਾਂ ਸਾਰਿਆ ਨੇ ਪਹਿਨੇ ਹੋਏ ਹਨ। ਐਨਕ ਵੀ ਤਿੰਨ ਜਣਿਆ ਦੇ ਹੈ। ਹੁਣ ਫਰਸ਼ ਉੱਤੇ ਡਿੱਗ ਕੇ ਤਿੰਨੇ ਐਨਕਾਂ ਟੁੱਟ ਗਈਆਂ ਹਨ ਤੇ ਦੂਰ ਜਾ ਡਿੱਗੀਆਂ ਹਨ। ਪੱਕਾ ਰੰਗ ਦੋ ਜਣਿਆਂ ਦਾ ਹੈ। ਹਾਂ ਹਾਂ, ਪਰ ਉਸ ਦੇ ਨੱਕ ਉੱਤੇ ਇਕ ਵੱਡਾ ਮਹੁਕਾ ਸੀ। ਮਹੁਕਾ ਤਾਂ ਕਿਸੇ ਦੇ ਵੀ ਨੱਕ ਉੱਤੇ ਨਹੀਂ ਹੈ।

⁠ਨਾਲ ਦੇ ਗੈਰਿਜਾਂ ਵਿਚ ਵਿਛੇ ਬਿਸਤਰੇ ਉਠਾਏ ਜਾ ਰਹੇ ਹਨ। ਕੁਝ ਮਿੰਨ੍ਹਾਂ-ਮਿੰਨ੍ਹਾ ਜਿਹਾ ਸ਼ੋਰ ਸਰਦ ਸਵੇਰ ਵਿਚ ਘੁਲਣ ਲੱਗਿਆ ਹੈ। ਬਰਤਨਾਂ ਦੇ ਖੜਕਣ ਦੀ ਆਵਾਜ਼। ਸਾਗਰ ਦੀ ਅੱਖ ਖੁੱਲ੍ਹ ਗਈ ਹੈ। ਇਕਦਮ ਬੈਠਾ ਹੋ ਕੇ ਉਸ ਨੇ ਮਧੂ ਨੂੰ ਜਗਾਉਣਾ ਚਾਹਿਆ ਹੈ। ਨਹੀਂ ਜਗਾਇਆ।

⁠'ਕਿਉਂ ਨਾ ਭੱਜ ਕੇ ਚਾਹ ਦਾ ਗਿਲਾਸ ਲੈ ਆਵਾਂ ਤੇ ਨਾਲੇ ਆਪ ਵੀ ਪੀ ਲਵਾਂ?'

⁠ਵਾਪਸ ਆ ਕੇ ਉਸ ਨੇ ਮਧੂ ਨੂੰ ਬਹੁਤ ਧੀਮੀ ਆਵਾਜ਼ ਵਿਚ ਬੁਲਾਇਆ ਹੈ। ਉਹ ਨਹੀਂ ਬੋਲੀ। ਸਾਗਰ ਨੇ ਉਸ ਦਾ ਮੋਢਾ ਝੰਜੋੜਿਆ ਹੈ। ਉਹ ਫਿਰ ਵੀ ਨਹੀਂ ਹਿੱਲੀ। ਨਾ ਹੀ ਬੋਲੀ ਹੈ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ ਹੈ।

⁠'ਮਧੂ...' 

⁠ਉਹ ਨਹੀਂ ਬੋਲੀ। 

⁠ਉਸ ਵਿਚ ਕੋਈ ਸਾਹ ਨਹੀਂ। 

⁠ਬਹੁਤ ਉੱਚੀ ਆਵਾਜ਼ ਵਿਚ ਉਸ ਨੇ 'ਮਧੂ..' ਕਿਹਾ ਹੈ ਤੇ ਚੀਖ ਉੱਠਿਆ ਹੈ। 

⁠ਅੱਠ ਵੱਜਣ ਵਾਲੇ ਹਨ।

⁠ਇੱਕੇ-ਦੁੱਕੇ ਡਾਕਟਰਾਂ ਦੀਆਂ ਕਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹਰ ਡਾਕਟਰ ਦੀ ਕਾਰ ਉਸ ਦੇ ਆਪਣੇ-ਗੈਰਿਜ ਵਿਚ। ਆਪਣਾ ਗੈਰਿਜ, ਜਿਸ ਉੱਤੇ ਉਸ ਦੀ ਨੇਮ ਪਲੇਟ ਲੱਗੀ ਹੋਈ ਹੈ।

⁠ਬੇਸੁੱਧ ਜਿਹਾ ਹੋਇਆ ਸਾਗਰ ਗੋਡਿਆਂ ਵਿਚਕਾਰ ਸਿਰ ਦਈ ਚੁੱਪ ਬੈਠਾ ਹੈ। ਪਤਾ ਨਹੀਂ ਕੀ ਸੋਚ ਰਿਹਾ ਹੈ। ⁠ਸਾਢੇ ਅੱਠ ਦੇ ਕਰੀਬ ਇਕ ਕਾਰ ਸਰੜ ਦੇ ਕੇ ਧਰਤੀ ਸੁੰਭਰਦੀ ਉਸ ਦੇ ਬਹੁਤ ਨਜ਼ਦੀਕ ਦੀ ਲੰਘ ਗਈ ਹੈ। ਥੋੜ੍ਹੀ ਦੂਰ ਜਾ ਕੇ ਰੁਕੀ ਹੈ। ਉਸ ਤੋਂ ਦੋ ਗੈਰਿਜ ਛੱਡ ਕੇ ਹੀ। ਡਾਕਟਰ ਬਾਹਰ ਆਇਆ ਹੈ। ਪੱਕਾ ਰੰਗ, ਨੱਕ ਉੱਤੇ ਮਹੁਕਾ।

⁠ਸਾਗਰ ਨੇ ਉਸ ਨੂੰ ਪਹਿਚਾਣ ਲਿਆ ਹੈ।

⁠ਤੇ ਫਿਰ ਉਸ ਦੀ ਨਜ਼ਰ ਕੋਲ ਪਏ ਇਕ ਅਣ-ਘੜ ਪੱਥਰ ਉੱਤੇ ਜਾ ਟਿਕੀ ਹੈ। ਬਿਜਲੀ ਦੀ ਫੁਰਤੀ ਨਾਲ ਪੱਥਰ ਚੁੱਕ ਕੇ ਉਸ ਨੇ ਡਾਕਟਰ ਵੱਲ ਵਗਾਹ ਦਿੱਤਾ ਹੈ। ਡਾਕਟਰ ਦੇ ਮੱਥੇ ਵਿਚੋਂ ਲਹੂ ਦੀ ਧਾਰ ਵਗਣ ਲੱਗੀ ਹੈ।

⁠'ਇਹ ਐਮਰਜੰਸੀ ਕੇਸ ਨਹੀਂ ਸੀ ਡਾਕਟਰ?' ਸਾਗਰ ਦੀ ਚੀਕਦੀ ਆਵਾਜ਼ ਸਾਰੇ ਵਾਤਾਵਰਣ ਵਿਚ ਗੂੰਜ ਗਈ ਹੈ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.