A Literary Voyage Through Time

ਕੁਲਵਿੰਦਰ ਸਿੱਧੂ ਕਾਮੇ ਕਾ

ਦਿਲ ਦੀ ਦੇਹਲੀ
ਦੁੱਖ ਬੋਲਦੇ
ਬੋਲੇ ਖੇਤਾਂ ਵਿੱਚ ਟਟਿਹਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਆਸਾਂ ਵਾਲਾ
ਬੂਰ ਝੜ ਗਿਅ
ਮੁੱਖ ਮੇਰੇ ਦਾ
ਨੂਰ ਝੜ ਗਿਆ
ਚਾਵਾਂ ਵਾਲਾ
ਚੌਂਕਾ ਢਹਿ ਗਿਆ
ਸਧਰਾਂ ਦੀ ਟੁੱਟੀ ਸ਼ਤੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਹੱਕ ਸਾਡਾ
ਸਰਕਾਰਾਂ ਖਾ’ਗੀਆਂ
ਕੁਝ ਕੁਦਰਤ ਦੀਆਂ
ਮਾਰਾਂ ਖਾ’ਗੀਆਂ
ਕਣਕ , ਕਲੈਹਣਾ
ਕੈਂਸਰ ਖਾ ਗਿਆ
ਹੜ੍ਹਾਂ ਨੇ ਖਾ ਲਈ ਜੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਚਿੱਟਾ ਕਫਣ
ਚਿੱਟੇ ਦੇ ਪੈਜੇ
ਹਾੜਾ ਮਗਰੋਂ
ਦਾਰੂ ਲਹਿ’ਜੇ
ਨਸ਼ਿਆਂ ਵਾਲੇ
ਨਾਗ ਦੇ ਰੱਬਾ
ਕੋਈ ਲੜ’ਜੇ ਚੰਨਣਗੀਰ੍ਹੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਪਾੜ੍ਹਿਆਂ ਨੂੰ
ਬੇਰੁਜਗਾਰੀ ਖਾ ਗਈ
ਨਸ਼ਿਆਂ ਦੀ ਬੁਰੀ
ਬਿਮਾਰੀ ਖਾ ਗਈ
ਦੁੱਖਾਂ ਦੀ ਦਲਦਲ
ਖਿੱਚਕੇ ਲੈ ਗਈ
ਜਿਉਂ ਮੋਘੇ ਚ ਪਵੇ ਭੰਮੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਬੱਚੇ ਬੁੱਢੇ
ਬਿਮਾਰ ਨੇ ਮਾਈਆਂ
ਅੰਨ੍ਹ ਤੋਂ ਜਿਆਦਾ
ਖਾਣ ਦਵਾਈਆਂ
ਆਂਢ ਗੁਆਂਢ ਦੇ
ਹਾਲ ਨੇ ਏਹੋ
ਕੋਈ ਬਚੀ ਨਾ ਸਾਕ ਸਕੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਕਾਮੇ ਕਿਆ
ਨਾ ਮਿਲੇ ਦਿਹਾੜੀ
ਗਰੀਬੀ ਚੰਦਰੀ
ਸਭ ਤੋਂ ਮਾੜੀ
ਅੱਗ ਪੇਟ ਦੀ
ਹਰਦਮ ਬਲਦੀ
ਜਾਵੇ ਭੁੱਖ ਕਾਲਜਾ ਚੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਆਸ ਨਹੀਂ
ਪਰ ਸਿੱਧੂਆਂ ਛੱਡੀ
ਕੱਚਿਓਂ ਪੱਕੇ
ਆਖਰ ਚੜ੍ਹੂਗੀ ਗੱਡੀ
ਜਨਮ ਨਵਾਂ ਫਿਰ
ਪੰਜਾਬ ਦਾ ਹੋਣੈ
ਖੁਸ਼ੀਆਂ ਦੀ ਰਲੂ ਪੰਜੀਰੀ
ਨੀ ਮਾਲਕ ਭੇਜੂਗਾ
ਮੁੜ ਚਾਵਾਂ ਦੀ ਚੀਰੀ
ਕਿ ਦਰਦ ਵੰਡਾਊਗਾ
ਉੱਠਕੇ ਦੁੱਖਾਂ ਦਾ ਸੀਰੀ

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.