A Literary Voyage Through Time

ਚਿਮਨੀਆਂ ਵਿੱਚੋਂ ਨਿਕਲੇ ਪੌਂਡ - ਸੁਖਦੇਵ ਸਿੱਧੂ, ਇੰਗਲੈਂਡ

ਦੂਜੀ ਆਲਮੀ ਜੰਗ ਦੀ ਮਚਾਈ ਤਬਾਹੀ ਨਾਲ਼ ਵਲੈਤ ਵਿੱਚ ਕਾਮਿਆਂ ਦੀ ਭਾਰੀ ਤੋਟ ਆ ਗਈ ਸੀ। ਜੰਗ ਤੋਂ ਬਚ ਗਏ ਗੋਰੇ ਫ਼ੌਜੀ ਭੱਠਿਆਂ ਦਾ ਜਾਨ ਖ਼ੌਲਣ ਵਾਲਾ ਕੰਮ ਕਰਨ ਨੂੰ ਬਹੁਤੇ ਰਾਜ਼ੀ ਵੀ ਨਹੀਂ ਸੀ। ਕੁੱਲ ਵਲੈਤ ਵਿੱਚ ਹੀ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸੇ ਕਰਕੇ ਪਹਿਲੀਆਂ ਵਿੱਚ, ਸਿਰਫ਼ ਬੰਦਿਆਂ ਦੇ ਕਰਨ ਵਾਲੇ ਭਾਰੇ ਕੰਮਾਂ ‘ਤੇ ਅੰਗਰੇਜ਼ ਔਰਤਾਂ ਨੂੰ ਵੀ ਕੰਮੀਂ ਲੱਗਣਾ ਪਿਆ ਸੀ। ਇਕ ਦੋ ਬੀਬੀਆਂ ਤਾਂ ਮੈਂ ਆਪ ਵੀ ਭੱਠਿਆਂ ‘ਤੇ ਕੰਮ ਕਰਦੀਆਂ ਦੇਖੀਆਂ ਸਨ। ਕੁਝ ਜਾਨ ਮਾਰ ਕੇ ਕੰਮ ਕਰਨ ਵਾਲੀਆਂ ਵੀ ਸਨ। ਇਕ ਦੋ ਤਾਂ ਚੰਗੇ ਭਲੇ ਬੰਦਿਆਂ ਦੀਆਂ ਵੀ ਹੀਲਾਂ ਕਰਾ ਦੇਣ ਵਾਲੀਆਂ ਸਨ। ਸਾਡੇ ਭਾਈਬੰਦ ਵੀ ਉਨ੍ਹਾਂ ਨਾਲ ਕੰਮ ਕਰਨ ਤੋਂ ਕੰਨ ਭੰਨਦੇ ਸੀ ਜਾਂ ਸਿਰ ਸੁੱਟ ਕੇ ਹੇਠਾਂ ਲੱਗ ਕੇ ਕੰਮ ਕਰੀ ਜਾਂਦੇ। ਭੱਠਿਆਂ ‘ਤੇ ਲੇਬਰ ਦੀ ਥੋੜ੍ਹ ਦੇ ਹੱਲ ਲਈ ਪਹਿਲਾਂ ਗੋਰਿਆਂ ਨੇ ਇਟਾਲੀਅਨ, ਯੂਗੋਸਲਾਵੀਏ, ਪੋਲਿਸ਼, ਯੁਕਰੇਨੀਏ ਕਾਮਿਆਂ ਨੂੰ ਵਰਤਿਆ। ਇਹ ਨੇੜੇ ਦੇ ਵੀ ਸੀ ਨਾਲੇ ਯੂਰਪੀਨ ਵੀ। ਪਰ ਕੰਮ ਇਨ੍ਹਾਂ ਨੂੰ ਵੀ ਉਹੀ ਦਿੱਤਾ ਜਾਂਦਾ ਸੀ ਜਿਹੜਾ ਵਲੈਤ ਦੇ ਬਾਸ਼ਿੰਦੇ-ਗੋਰਿਆਂ ਦੇ ਨੱਕ ਹੇਠ ਨਾ ਆਉਂਦਾ। ਇਨ੍ਹਾਂ ਦੀ ਵੀ ਅਗਲੀ ਪੀੜ੍ਹੀ ਭੱਠਿਆਂ ‘ਤੇ ਕੰਮ ਕਰਨ ਲਈ ਰਾਜ਼ੀ ਨਾ ਹੋਈ ਤੇ ਉਪਰੋਂ ਨਾਟੋ ਤੇ ਵਾਰਸਾ ਪੈਕਟ ਦੀ ਨਿੱਤ ਤਿੱਖੀ ਹੁੰਦੀ ਖਿੱਚੋਤਾਣ ਨੇ ਸੋਵੀਅਤ ਬਲਾਕ ਦੀ ਲੇਬਰ ਬੰਦ ਕਰਵਾ ਦਿੱਤੀ। ਤਦ ਇਨ੍ਹਾਂ ਗੋਰਿਆਂ ਨੂੰ ਕਾਮਨਵੈਲਥ ਦਾ ਚੇਤਾ ਆ ਗਿਆ ਜਾਣੋਂ ਟੁੱਟੀ ਭੱਜੀ ਦਾ ਪੱਤਣ ਮੇਲਾ। ਕਾਮਨਵੈਲਥ ਮੁਲਕਾਂ ਵਿੱਚੋਂ ਵਾਊਚਰਾਂ ‘ਤੇ ਬੰਦੇ ਸੱਦਣ ਲਈ ਵੱਡੇ-ਵੱਡੇ ਸ਼ਹਿਰਾਂ ਵਿੱਚ ਨੁਮਾਇਸ਼ਾਂ ਲਾਈਆਂ ਗਈਆਂ ਸਨ। ਜਾਅਲੀ ਆਏ ਬੰਦਿਆਂ ਦੀਆਂ ਵੀ ਪੌਂਅ ਬਾਰਾਂ ਹੀ ਰਹੀਆਂ। ਕਾਲੇ-ਭੂਸਲੇ ਬੰਦਿਆਂ ਦੇ ਧੜਾ-ਧੜ ਗੋਰੀ ਧਰਤੀ ‘ਤੇ ਆਉਣ ਤੋਂ ਬਾਅਦ ਵਿੱਚ ਹੀ ਈਨੋਕ ਪਾਵੋਲ (Enoch Powell) ਨੇ ਵਲੈਤ ਦੀਆਂ ਗਲ਼ੀਆਂ ਵਿੱਚ ‘ਲਹੂ ਦੀਆਂ ਨਦੀਆਂ’ ਵਗਣ ਵਾਲੀ ਬਦਨਾਮ ਤਕਰੀਰ ਕੀਤੀ ਸੀ। ਬਹੁਤੇ ਗੋਰੇ ਭੱਠਿਆਂ ਦਾ ਭਾਰਾ ਕੰਮ ਟਿਕ ਕੇ ਨਹੀਂ ਸੀ ਕਰਦੇ। ਜਾਂ ਤਾਂ ਛੇਤੀ ਛੱਡ ਜਾਂਦੇ ਸੀ ਜਾਂ ਛੇਤੀ ਕਿਸੇ ਹੋਰ ਰਤਾ ਹਲਕੇ ਕੰਮ ਵਾਲੇ ਪਾਸੇ ਬਦਲੀ ਕਰਵਾ ਲੈਂਦੇ ਤੇ ਜਾਂ ਮਸਾਂ ਆਪਣੇ ਤੋਰੀ ਫੁਲਕੇ ਜੋਗਾ ਹੀ ਕੰਮ ਕਰਦੇ। ਦਫ਼ਤਰ ਬਾਬੂ ਦੀ ਤਾਂ ਗੱਲ ਹੀ ਛੱਡੋ, ਟਰਾਂਸਪੋਰਟ ਤੇ ਮਕੈਨਿਕਾਂ ਦੀਆਂ ਸਭ ਨੌਕਰੀਆਂ ਗੋਰਿਆਂ ਲਈ ਹੀ ਸੀ। ਬੜੀ ਦੇਰ ਬਾਅਦ ਬੈੱਡਫਰਡ ਦੀ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਭਾਰਤੀ ਮਜ਼ਦੂਰ ਸਭਾ) ਦੀ ਬਰਾਂਚ ਦੇ ਹੰਭਲੇ ਨੇ ਇਹ ਰੀਤ ਤੋੜੀ ਸੀ।

ਲੇਬਰ ਦੀ ਏਨੀ ਤੰਗੀ ਸੀ ਕਿ ਮੈਨੇਜਰ ਕਈਆਂ ਬੰਦਿਆਂ ਨੂੰ ਕੰਮ ਤੋਂ ਛੁੱਟੀ ਦੇ ਕੇ ਹੋਰ ਕੰਮ ਕਰਨ ਵਾਲੇ ਬੰਦੇ ਲੱਭ ਕੇ ਲਿਆਉਣ ਲਈ ਸ਼ਹਿਰ ਨੂੰ ਭੇਜ ਦਿਆ ਕਰਦੇ ਸੀ। ਭੱਠੇ ‘ਤੇ ਮੋਟੀ ਕਮਾਈ ਵਾਲ਼ਾ ਕੰਮ ਲੱਭਣ ਗਏ ਬੰਦਿਆਂ ਦੀਆਂ ਡਾਰਾਂ ਵਿੱਚੋਂ ਮੈਨੇਜਰ ਪਹਿਲਾਂ ਕਾਮਿਆਂ ਦੇ ਡੌਲ਼ੇ ਤੇ ਸਰੀਰ ਟੋਹ-ਟੋਹ ਕੇ ਦੇਖਦੇ ਕਿ ਇਹ ਕੰਮ ਕਰਨ ਜੋਗੇ ਹੈਗੇ ਵੀ ਆ ਕਿ ਨਹੀਂ। ਮਾੜਕੂ ਸਰੀਰਾਂ ਵੱਲ ਤਾਂ ਉਹ ਝਾਕਦੇ ਵੀ ਨਾ। ਜਿਨ੍ਹਾਂ ‘ਤੇ ਮੈਨੇਜਰਾਂ ਦੀ ਤਸੱਲੀ ਹੋ ਜਾਂਦੀ, ਉਨ੍ਹਾਂ ਨੂੰ ਇਹ ਕਹਿੰਦੇ: ਯੂ, ਯੂ, ਯੂ…, ਐਂਡ ਯੂ। ਬਾਕੀਆਂ ਨੂੰ ਪਤਾ ਲੱਗ ਜਾਂਦਾ ਕਿ ਗੱਲ ਨਹੀਂ ਬਣੀ। ਉਹ ਮੁੜ ਜਾਂਦੇ ਤੇ ਅਗਲੇ ਹਫ਼ਤੇ ਫਿਰ ਆਉਂਦੇ; ਜੇ ਫਿਰ ਵੀ ਗੱਲ ਨਾ ਬਣਦੀ ਤਾਂ ਓਦੂੰ ਅਗਲੇ ਹਫ਼ਤੇ ਵੀ ਆਉਂਦੇ ਤੇ ਓਨਾ ਚਿਰ ਆਈ ਜਾਂਦੇ ਜਿੰਨਾ ਚਿਰ ਗੱਲ ਨਾ ਬਣ ਜਾਂਦੀ। ਯੂ, ਯੂ…ਯੂ ਯੂ ਦਾ ਮਤਲਬ ਅਨਪੜ੍ਹ ਪੰਜਾਬੀਆਂ ਨੂੰ ਵੀ ਝੱਟ ਸਮਝ ਪੈ ਜਾਂਦਾ ਸੀ। ਇਹ ਖ਼ੁਸ਼ ਹੋ ਜਾਂਦੇ। ਮਨ ਵਿੱਚ ਪੁੱਠੀਆਂ ਛਾਲਾਂ ਮਾਰਦੇ। ਗੋਰਿਆਂ ਨੂੰ ਠੈਂਕੂ ਠੈਂਕੂ ਕਰਦੇ ਫਿਰਦੇ। ਬਹੁਤ ਸਾਰੇ ਕਾਮੇ ਪੰਜਾਬੀ ਸੀ ਇੰਡੀਅਨ ਤੇ ਪਾਕਿਸਤਾਨੀ- ਜਾਂ ਇਟਾਲੀਅਨ ਸੀ। ਕੁਝ ਕਾਲੇ ਜਾਂ ਹੋਰ ਯੂਗੋਸਲਾਵੀਏ, ਪੋਲਿਸ਼, ਯੂਕਰੇਨੀ ਤੇ ਲੈਟਵੀਅਨ ਆਦਿ ਵੀ। ਭਾਰਤੀ ਤੇ ਪਾਕਿਸਤਾਨੀ ਤਾਂ ਇਕੋ ਜਿਹੇ ਦਿਸਦੇ ਸਨ। ਇਟਾਲੀਅਨ ਵੀ ਮਿਹਨਤੀ ਤੇ ਸਿਰੜੀ ਸਨ। ਗੋਰੇ ਤਾਂ ਹਿਸਾਬ ਦਾ ਹੀ ਕੰਮ ਕਰਦੇ- ਮਨ ਦੀ ਮੌਜ ਨਾਲ। ਬੱਸ ਲੋੜ ਜਿੰਨਾ ਹੀ। ਜਾਨ ਮਾਰ ਕੇ ਟੁੱਟ-ਟੁੱਟ ਕੇ ਮਰਨ ਨੂੰ ਇੰਡੀਅਨ ਸੀ, ਇਕ ਅੱਧਾ ਪਾਕਿਸਤਾਨੀ ਜਾਂ ਕੁਝ ਕੁ ਇਟਾਲੀਅਨ ਸੀ। ਦਸਾਂ ਨਹੁੰਆਂ ਦੀ ਕਿਰਤ ਦਾ ਫ਼ਲ ਅਗਲੇ ਹਫ਼ਤੇ ਦੇ ਅਖ਼ੀਰ ‘ਤੇ ਮਿਲ ਜਾਂਦਾ ਸੀ। ਹੱਡ ਭੰਨਵੀਂ ਮਿਹਨਤ ਦਾ ਮੁੱਲ। ਰੂਹਾਂ ਖ਼ੁਸ਼ ਹੋ ਜਾਂਦੀਆਂ। ਹਫ਼ਤੇ ਭਰ ਦੀਆਂ ਸਭ ਥਕਾਵਟਾਂ ਉਡ ਪੁਡ ਜਾਂਦੀਆਂ। ਪੈਸਿਆਂ ਦੇ ਹੌਸਲੇ ਵਿੱਚ ਬੰਦੇ ਆਪ ਵੀ ਉਡੂੰ ਉਡੂੰ ਕਰਦੇ ਫਿਰਦੇ। ਕੰਮ ਏਨਾ ਭਾਰਾ ਸੀ ਕਿ ਭੱਠੇ ‘ਤੇ ਭਾਰਾ ਕੰਮ ਕਰਨ ਵਾਲੇ ਕਈ ਕਾਮਿਆਂ ਦੀ ਪੈਨਸ਼ਨ ਹੋਣ ਤੋਂ ਸਾਲ ਦੋ ਸਾਲ ਪਹਿਲਾਂ ਜਾਂ ਸਾਲ ਦੋ ਸਾਲ ਬਾਅਦ ਹੀ ਫੂਕ ਨਿਕਲ ਜਾਂਦੀ ਸੀ। ਉਦੋਂ ਹੀ ਪਤਾ ਲਗਦਾ ਜਦੋਂ ਕੋਈ ਹੋਰ ਜਣਾ ਅਗਲੇ ਦਿਨ ਕੰਮ ‘ਤੇ ਆ ਕੇ ਦੱਸਦਾ: ਲੈ ਬਈ ਕੱਲ੍ਹ ਫਲਾਣਾ ਵੀ ਚੜ੍ਹਾਈ ਕਰ ਗਿਆ। ਚੰਗਾ ਭਲਾ ਸੀ। ਰਾਤ ਵਾਲ਼ੀ ਸ਼ਿਫ਼ਟ ਤੋਂ ਗਿਆ ਸੀ। ਠੀਕ-ਠਾਕ ਤੰਦਰੁਸਤ ਸੀ। ਨਾ ਬਿਮਾਰ ਨਾ ਠਿਮਾਰ। ਬੱਸ ਸੁੱਤਾ ਮੁੜ ਕੇ ਉੱਠਿਆ ਹੀ ਨਹੀਂ, ਘਰਦਿਆਂ ਨੇ ਸ਼ਾਮ ਨੂੰ ਕੰਮਾਂ ਤੋਂ ਆ ਕੇ ਦੇਖਿਆ ਤਾਂ ਖੇਡ ਖ਼ਤਮ ਹੋਈ ਪਈ ਸੀ। ਕਈ-ਕਈ ਵਾਰ ਤਾਂ ਸੋਚ ਕੇ ਏਦਾਂ ਵੀ ਲੱਗਣਾ ਕਿ ਭਲਾ ਹੱਡ ਮਾਸ ਦਾ ਇਹ ਪੁਤਲਾ ਆਦਮੀ- ਕਾਹਦੇ ਲਈ ਏਨੀ ਭੱਜ-ਦੌੜ ਕਰਦਾ ਫਿਰਦਾ ਹੈ। ਪਰ ਤਮ੍ਹਾ ਤਾਂ ਬੰਦੇ ਵਿੱਚੋਂ ਕਦੇ ਨਹੀਂ ਮੁੱਕਦੀ, ਇਹੀ ਜੀਂਦੀ ਜਾਨ ਨੂੰ ਭਜਾਈ ਫਿਰਦੀ ਹੈ। ਲਾਲਚ-ਲਾਲਚ ਵਿੱਚ ਪਤਾ ਹੀ ਨਾ ਲੱਗਦਾ। ਹਰ ਕੋਈ ਇਕ ਦੂਜੇ ਤੋਂ ਮੋਹਰੇ ਤੋਂ ਮੋਹਰੇ ਹੋ-ਹੋ ਕੇ ਕੰਮ ਕਰਦਾ। ਸਾਰੀ ਉਮਰ ਕੰਮ, ਕੰਮ ਵਿੱਚ ਹੀ ਨਿਕਲ ਜਾਂਦੀ। ਘਰੋਂ ਕੰਮ ‘ਤੇ, ਕੰਮੋਂ ਘਰ – ਕੋਹਲੂ ਦੇ ਬੈਲ ਵਾਂਗੂੰ।

ਭੱਠਿਆਂ ਨਾਲ ਏਕੜਾਂ ਦੇ ਏਕੜ ਜ਼ਮੀਨ ਦੇ ਵੀ ਸੀ। ਇਸ ਇਲਾਕੇ ਦੀ ਚੀਕਣੀ ਮਿੱਟੀ ਇੱਟਾਂ ਲਈ ਮਸ਼ਹੂਰ ਸੀ  ਔਕਸਫਰਡ ਕਲੇਅ। ਭੱਠਿਆਂ ਤੋਂ ਤਿੰਨ-ਤਿੰਨ, ਚਾਰ-ਚਾਰ ਮੀਲ ਦੂਰ ਕਰੇਨਾਂ, ਚੀਕਣੀ ਮਿੱਟੀ ਪੁੱਟ-ਪੁੱਟ ਕੇ ਲਾਗੇ ਬਣਾਈ ਮਾਹਲ ‘ਤੇ ਸੁੱਟੀ ਜਾਂਦੀਆਂ। ਏਸੇ ਛੱਤੀ ਹੋਈ ਮਾਹਲ ਤੋਂ ਮਿੱਟੀ ਦੇ ਢੇਲੇ ਵੱਡੇ-ਵੱਡੇ ਕੋਹਲੂਆਂ ਵਿਚ ਆ-ਆ ਕੇ ਪਈ ਜਾਂਦੇ। ਇਹ ਦਿਓ ਕੱਦ ਕੋਹਲੂ ਮਿੱਟੀ ਨੂੰ ਪੀਹ-ਪੀਹ ਕੇ ਮੋਟੇ ਬੂਰੇ ਵਰਗੀ ਬਣਾਈ ਜਾਂਦੇ। ਪੀਹ ਹੁੰਦੀ ਮਿੱਟੀ ਵਿਚੋਂ ਨਿਕੰਮੇ ਪੱਥਰ ਬਾਹਰ ਕੱਢ ਦਿੱਤੇ ਜਾਂਦੇ। ਜਦੋਂ ਚਿਕਨਾਈ ਵਗ਼ੈਰਾ ਦੀ ਮਾਤਰਾ ਰੁਕ ਸਿਰ ਹੋ ਜਾਂਦੀ ਤਾਂ ਇਹ ਮਿੱਟੀ ਅੱਗੇ ਵੱਡੇ ਢੇਰਾਂ ਵੱਲ ਨੂੰ ਘੱਲ ਦਿੱਤੀ ਜਾਂਦੀ। ਇਨ੍ਹਾਂ ਢੇਰਾਂ ਵਿੱਚੋਂ ਹੀ ਹੌਲ਼ੀ-ਹੌਲ਼ੀ ਇਹੀ ਮਿੱਟੀ ਇੱਟਾਂ ਬਣਾਉਣ ਵਾਲੀਆਂ ਪ੍ਰੈੱਸਾਂ ਨੂੰ ਛੱਡੀ ਜਾਂਦੀ ਸੀ। ਵੱਡੀਆਂ-ਵੱਡੀਆਂ ਭਾਰੀਆਂ ਪ੍ਰੈੱਸਾਂ, ਸੱਚੇ ਵਿੱਚ ਆਉਂਦੀ ਸਿੱਲ੍ਹੀ ਚੀਕਣੀ ਮਿੱਟੀ ਨੂੰ ਏਨੀ ਜ਼ੋਰ ਨਾਲ ਦਬਾ ਕੇ ਬਾਹਰ ਕੱਢਦੀਆਂ ਕਿ ਕੱਚੀਆਂ ਬਣੀਆਂ ਇੱਟਾਂ ਵੀ ਵਾਹਵਾ ਮਜ਼ਬੂਤ ਹੁੰਦੀਆਂ ਸੀ। ਏਨੀਆਂ ਸਖ਼ਤ ਕਿ ਮਾੜੇ ਧੀੜੇ ਬੰਦੇ ਤੋਂ ਤਾਂ ਜ਼ੋਰ ਲਾਉਣ ‘ਤੇ ਵੀ ਨਾ ਟੁੱਟ ਸਕਦੀਆਂ। ਕੱਚੀਆਂ ਇੱਟਾਂ ਅੱਗੋਂ ਮਾਹਲਾਂ ‘ਤੇ ਆਉਂਦੀਆਂ ਤੇ ਕਾਮੇ ਮਾਹਲਾਂ ਤੋਂ ਚੁੱਕ-ਚੁੱਕ ਕੇ ਇਨ੍ਹਾਂ ਇੱਟਾਂ ਦੇ ਰੇੜ੍ਹੀਆਂ ‘ਤੇ ਚੱਕੇ ਲਾਈ ਜਾਂਦੇ। ਸਾਰਾ ਦਿਨ ਚੱਕੇ ‘ਤੇ ਚੱਕੇ ਲਾਈ ਜਾਂਦੇ। ਬਹੁਤੇ ਡੇੜ੍ਹ ਪ੍ਰੈੱਸ ਦੀਆਂ ਇੱਟਾਂ ਹੀ ਸਾਂਭਦੇ ਸੀ ਤੇ ਕੋਈ ਤਕੜਾ ਦੋਂਹ ਦੀਆਂ ਵੀ ਚੁੱਕ ਲੈਂਦਾ। ਕੋਈ ਵਿਰਲਾ ਮਾਈ ਦਾ ਲਾਲ ਤਿੰਨਾਂ ਦੀਆਂ ਵੀ ਚੁੱਕਦਾ, ਤਿੰਨਾਂ ਪ੍ਰੈੱਸਾਂ ਦੀਆਂ ਇੱਟਾਂ ਸਾਂਭਣਾ ਮਸ਼ੀਨ ਨਾਲ ਮਸ਼ੀਨ ਹੋਣਾ ਸੀ  ਵੱਡੇ ਵੱਡੇ ਨੌਢੂ ਖਾਨਾਂ ਦੀ ਭੂਤਨੀ ਭੁਲਾਉਣ ਵਾਲ਼ਾ। ਪਰ ਇਹ ਥੋੜ੍ਹੇ ਚਿਰ ਦਾ ਕੰਮ ਸੀ। ਬਹੁਤ ਵਾਰੀ ਨਾਲ਼ ਦੇ ਜੋੜੀਦਾਰ ਨੂੰ ਸਾਹ ਦੁਆਉਣ ਲਈ ਹੀ ਜਾਂ ਸਿਗਰਟ ਬੱਤੀ ਦੀ ਬਰੇਕ ਲਈ ਪੰਜਾਂ ਸੱਤਾਂ ਮਿੰਟਾਂ ਲਈ ਹੀ ਕੀਤਾ ਜਾ ਸਕਦਾ ਸੀ। ਜਿਨ੍ਹਾਂ ਦੇ ਹੱਥੀਂ ਇਹ ਕੰਮ ਚੜ੍ਹ ਚੁੱਕਾ ਸੀ ਉਹ ਤਾਂ ਮਸ਼ੀਨਾਂ ਵਾਂਗ ਚੱਲਦੇ। ਥੱਬੇ ਭਰ-ਭਰ ਰੱਖੀ ਜਾਂਦੇ। ਕੱਚੀਆਂ ਇੱਟਾਂ ਦੇ ਚੱਕੇ, ਰੇੜ੍ਹੀਆਂ ‘ਤੇ ਲੱਦ ਕੇ ਚੈਂਬਰਾਂ ਵਿੱਚ ਲੈ ਜਾਏ ਜਾਂਦੇ, ਜਿੱਥੇ ਇਨ੍ਹਾਂ ਨੂੰ ਹੇਠੋਂ ਗੈਸ ਦੀ ਅੱਗ ਚੜ੍ਹਾਈ ਜਾਂਦੀ ਤੇ ਉੱਤੋਂ ਭੁਰਪੁਰਾ ਕੋਲਾ ਪਾ ਕੇ ਅੱਗ ਦਿੱਤੀ ਜਾਂਦੀ। ਹਫ਼ਤੇ ਬਾਅਦ ਇਹ ਇੱਟਾਂ ਪੱਕ ਜਾਂਦੀਆਂ  ਟਣ ਟਣ ਕਰਦੀਆਂ -ਛਣਕਦੀਆਂ। ਬਾਹਰ ਕੱਢ ਕੇ ਇਨ੍ਹਾਂ ਇੱਟਾਂ ਦੇ ਫਿਰ ਚੱਕੇ ਲਾਏ ਜਾਂਦੇ ਤੇ ਇਹ ਮਕਾਨ ਬਣਾਉਣ ਲਈ ਤਿਆਰ ਹੋ ਜਾਂਦੀਆਂ। ਅੱਗੇ ਲਾਰੀਆਂ ‘ਤੇ ਲੱਦ ਹੋ ਕੇ ਕਿਤੇ ਦੀ ਕਿਤੇ ਪਹੁੰਚ ਜਾਂਦੀਆਂ। ਸਾਫ਼ ਸਾਦੀਆਂ ਇੱਟਾਂ ਵੀ ਬਣਦੀਆਂ ਤੇ ਪੰਦਰਾਂ ਵੀਹ ਕਿਸਮ ਦੀਆਂ ਰੰਗਦਾਰ ਇੱਟਾਂ ਵੀ। ਵਲੈਤ ਦੇ ਬਹੁਤ ਸਾਰੇ ਘਰਾਂ ਨੂੰ ਇਨ੍ਹਾਂ ਭੱਠਿਆਂ ਦੀਆਂ ਇੱਟਾਂ ਨੇ ਹੀ ਸਜਾਇਆ ਹੋਇਆ ਹੈ। ਕੱਚੀਆਂ ਦੇ ਵੀ ਤੇ ਪੱਕੀਆਂ ਇੱਟਾਂ ਦੇ ਵੀ ਚੱਕੇ ਲਾਉਣ ਵਿੱਚ ਵੀ ਸਾਡੇ ਪੰਜਾਬੀ ਭਾਈਬੰਦਾਂ ਦੀ ਹੀ ਝੰਡੀ ਰਹੀ। ਕੱਚੀਆਂ ਇੱਟਾਂ ਦਾ ਕੰਮ ਕੁਝ ਘੱਟ ਮਿੱਟੀ ਘੱਟੇ ਦਾ ਸੀ ਪਰ ਪੱਕੀਆਂ ਇੱਟਾਂ ਦੇ ਚੱਕੇ ਲਾਉਣ-ਬੰਨ੍ਹਣ ਦਾ ਬਹੁਤ ਮਿੱਟੀ ਘੱਟੇ ਦਾ ਤਾਂ ਸੀ ਹੀ, ਨਾਲ ਇਹ ਬੰਦੇ ਦੀਆਂ ਚੂਲਾਂ ਢਿੱਲੀਆਂ ਕਰ ਦੇਣ ਵਾਲਾ ਵੀ ਸੀ। ਜੈਲ, ਗੁਰਮੇਲ, ਪਰਗਾਸ਼ ਤੇ ਪੋਲੋ ਪਹਿਲੇ ਪੁਰਾਣੇ ਮੰਨੇ ਦੰਨੇ ਕਾਮੇ ਸੀ। ਨਿੰਦਰ, ਤਾਰ, ਬਿੱਲਾ ਤੇ ਗਿੱਲ ਬਹੁਤ ਛੋਹਲੇ ਕਾਮੇ ਸੀ। ਨਿੰਦਰ ਤਾਂ ਸੁਭਾਅ ਦਾ ਵੀ ਬਹੁਤਾ ਠੰਢਾ ਸੀ ਅਤੇ ਇਹ ਦੇਖਣ ਨੂੰ ਵੀ ਸਹਿਜੇ-ਸਹਿਜੇ ਕੰਮ ਕਰਦਾ ਲਗਦਾ ਸੀ ਪਰ ਉਦੋਂ ਹੀ ਪਤਾ ਲੱਗਦਾ ਜਦ ਇਹ ਚੱਕੇ ਲਾਉਂਦਾ-ਬੰਨ੍ਹਦਾ ਕਿਤੇ ਦੀ ਕਿਤੇ ਨਿਕਲ ਜਾਂਦਾ। ਮੀਂਹ-ਨ੍ਹੇਰੀ ਵੀ ਇਹਨੂੰ ਰੋਕ ਨਾ ਸਕਦੇ, ਬੱਸ ਦੱਬੀ ਜਾਂਦਾ। ਲੰਮਾ ਸਮਾਂ ਵੱਧ ਚੱਕੇ ਲਾਉਣ ਦੀ ਇਹਦੀ ਹਮੇਸ਼ਾ ਝੰਡੀ ਰਹੀ। ਸਾਢੇ ਕੁ ਛੇ ਫੁੱਟੇ ਨਿੰਦਰ ਨੂੰ ਸੰਗੀ-ਸਾਥੀ ਤਿਹੁ ਨਾਲ ਲੰਮਾ ਆਖਦੇ ਸੀ। ਇਹਦੇ ਕੰਮ ਤੇ ਸੁਭਾਅ ਦੀ ਸਿਫ਼ਤ ਕਰਦੇ ਲੋਕ ਲਾਡ ਨਾਲ਼ ਕਹਿੰਦੇ: ਜਿੱਦਣ ਨਿੰਦਰ ਜੰਮਿਆਂ ਆਪਣੇ ਵਰਗੇ ਕਿਸੇ ਹੋਰ ਤਕੜੇ ਕਾਮੇ ਦੇ ਜੰਮਣ ਲਈ ਬੂਹਾ ਢੋਅ ਕੇ ਆ ਗਿਆ। ਸਭ ਇਹਦਾ ਲੋਹਾ ਵੀ ਮੰਨਦੇ ਰਹੇ ਤੇ ਇਹਦੇ ਭਾਰੇ ਪੇਅ ਪੈਕਟ (ਤਨਖ਼ਾਹ) ਦੀਆਂ ਗੱਲਾਂ ਕਰਦੇ ਰਹੇ। ਦੂਸਰੇ ਜ਼ੋਰ ਲਾ ਕੇ ਕੰਮ ਕਰਨ ਵਾਲੇ ਸੀ ਪਰ ਨਿੰਦਰ ਸਹਿਜ ਨਾਲ ਕਰਦਾ। ਹੋਰ ਵੀ ਕਈ ਛੋਹਲਾ ਕੰਮ ਕਰਦੇ ਸੀ। ਪਰ ਉਹ ਕੰਮ ਤੋਂ ਸਿੱਕ (ਮੈਡੀਕਲ ਗ਼ੈਰਹਾਜ਼ਰੀ) ਵੀ ਮਾਰ ਲੈਂਦੇ ਸੀ। ਹੁਣ ਤਾਂ ਬੈਂਕਾਂ ਵਿੱਚ ਸਿੱਧੇ ਪੈਸੇ ਜਾਣ ਲੱਗ ਪਏ, ਪਹਿਲੀਆਂ ਵਿੱਚ ਹਫ਼ਤੇ ਦੀ ਹਫ਼ਤੇ ਸ਼ੁੱਕਰਵਾਰ ਵਾਲ਼ੇ ਦਿਨ ਤਨਖ਼ਾਹ ਦੇ ਭਰੇ ਲਿਫ਼ਾਫ਼ੇ ਮਿਲਦੇ ਹੁੰਦੇ ਸੀ; ਤਕੜੇ ਕਾਮਿਆਂ ਦੇ ਪੇਅ ਪੈਕਟ ਤੁੰਨ-ਤੁੰਨ ਕੇ ਬੰਦ ਕੀਤੇ ਹੁੰਦੇ ਸੀ। ਆਪਣੇ ਭਾਈਬੰਦਾਂ ਵਿੱਚੋਂ ਕਈ ਹਫ਼ਤੇ ਦੀ ਥਕਾਵਟ ਲਾਹੁਣ ਲਈ ਕੰਮ ਤੋਂ ਹਟ ਕੇ ਸ਼ੁੱਕਰਵਾਰ ਨੂੰ ਸਿੱਧੇ ਬੀਅਰ ਪੀਣ ਜਾਂਦੇ ਸੀ। ਪੱਬਾਂ-ਕਲੱਬਾਂ ਵਿੱਚ ਬਹਿ ਕੇ ਜਦੋਂ ਇਹ ਤਨਖ਼ਾਹਾਂ ਵਾਲੇ ਪੈਕਟ ਖੋਲ੍ਹ ਕੇ ਬੀਅਰ ਦੇ ਪੈਸੇ ਦੇਣ ਲਗਦੇ, ਤਾਂ ਉੱਥੇ ਬੈਠੇ ਆਪਣੇ ਦੇਸੀ ਭਾਈਬੰਦ ਇਨ੍ਹਾਂ ਦੇ ਪੈਸਿਆਂ ਵਾਲੇ ਲਿਫ਼ਾਫ਼ੇ ਦੇਖ ਕੇ ਪੱਟੇ ਜਾਂਦੇ। ਕਈਆਂ ਦੀਆਂ ਕੌਡੀਆਂ ਹਿੱਲ ਜਾਂਦੀਆਂ। ਹਾਂਝ ਉਭਰਦੀ ਤਾਂ ਉਹ ਵੀ ਦਬਾ ਸੱਟ ‘ਪੈਸਿਆਂ ਦੀ ਲੁੱਟ ਕਰਨ’ ਭੱਠਿਆਂ ‘ਤੇ ਜਾ ਲਗਦੇ, ਕਈ ਮਸਾਂ ਦਿਹਾੜੀ ਹੀ ਕੱਢਦੇ ਤੇ ਕਈ ਦੋ ਦਿਨ। ਕੁਝ ਤਾਂ ਸ਼ਰਮ ਦੇ ਮਾਰੇ ਦਿਹਾੜੀ ਜਾਂ ਦੋ ਦਿਨਾਂ ਦੇ ਪੈਸੇ ਵੀ ਲੈਣ ਨਾ ਜਾਂਦੇ। ਸਿਰੜ ਨਾਲ ਜਾਨ ਤੋੜ ਕੇ ਕੰਮ ਕਰਨਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦਾ। ਪੱਕੀਆਂ ਇੱਟਾਂ ਦੀ ਸ਼ਿਫ਼ਟ ਤਾਂ ਭਾਵੇਂ ਸਵੇਰੇ ਛੇ ਵਜੇ ਸ਼ੁਰੂ ਹੁੰਦੀ ਸੀ, ਪਰ ਕਈ ਲਾਲਚੀ ਵਾਹਵਾ ਮੂੰਹ ਨ੍ਹੇਰੇ ਵੀ ਜਾ ਲਗਦੇ। ਤੜਕੇ ਚਾਰ ਕੁ ਵਜੇ। ਵਧੀਆ ਇੱਟਾਂ ਸਾਂਭ ਲੈਂਦੇ, ਚੰਗੇ ਪੈਸੇ ਬਣਾ ਲੈਂਦੇ। ਫਿਰ ਜ਼ਿੱਦ ਜਾਂ ਲਾਲਚ ਵੱਸ ਹੋਰ ਕਈ ਅਗਲੇ ਦਿਨ ਇਨ੍ਹਾਂ ਨਾਲੋਂ ਵੀ ਤੜਕੇ ਜਾ ਲਗਦੇ  ਇਹ ਜ਼ਿੱਦੋ ਜ਼ਿੱਦੀ ਦਾ ਕੰਮ ਓਨਾ ਚਿਰ ਚਲਦਾ ਰਹਿੰਦਾ ਜਿੰਨਾਂ ਚਿਰ ਮੈਨੇਜਰ ਸਖ਼ਤੀ ਕਰਕੇ ਇਨ੍ਹਾਂ ਨੂੰ ਨਾ ਡੱਕਦੇ। ਕਈ ਵਾਰ ਪੱਕੀਆਂ ਇੱਟਾਂ ਏਨੀਆਂ ਤੱਤੀਆਂ ਹੁੰਦੀਆਂ ਕਿ ਸਰਦੀਆਂ ਦੀ ਬਰਫ਼ਬਾਰੀ ਵਿੱਚ ਵੀ ਕਾਮੇ ਜੇਠ-ਹਾੜ ਵਾਂਗ ਮੁੜ੍ਹਕੋ-ਮੁੜ੍ਹਕੀ ਹੋ ਜਾਂਦੇ ਸੀ। ਕਾਹਲ਼ੀ ਕਾਹਲ਼ੀ ਚੁੱਕਦਿਆਂ ਕਈ ਵਾਰੀ ਦੋਂਹ ਇੱਟਾਂ ਵਿਚ ਉਂਗਲਾਂ ਜਾਂ ਨੌਂਹ ਆ ਜਾਂਦੇ। ਬੜਾ ਦਰਦ ਹੁੰਦਾ। ਉਂਗਲਾਂ ਟੱਸ-ਟੱਸ ਕਰੀ ਜਾਂਦੀਆਂ। ਨਾ ਬੰਦਾ ਕੰਮ ਕਰਨ ਜੋਗਾ ਰਹਿੰਦਾ, ਨਾ ਬਹਿਣ ਜੋਗਾ  ਚੱਤੇ ਪਹਿਰ ਦੀ ਚੀਸ ਪਰੇਸ਼ਾਨ ਕਰਦੀ। ਨਹੁੰਆਂ ਵਿੱਚ ਲਹੂ ਜੰਮਣ ਲੱਗਦਾ ਜਾਂ ਇਹ ਕਾਲੇ ਹੋ ਜਾਂਦੇ। ਫਿਰ ਹਸਪਤਾਲ ਜਾ ਕੇ ਨੌਂਹ ਵਿਚ ਦੋ ਛੇਕ ਕਰਵਾਉਣੇ ਪੈਂਦੇ। ਡਾਕਟਰ ਲੋਹੇ ਦੀ ਸੂਈ ਨੂੰ ਅੱਗ ਦੀ ਲਾਟ ‘ਤੇ ਗਰਮ ਕਰਦਾ ਤੇ ਲਾਲ ਸੁਰਖ਼ ਹੋਈ ਸੂਈ ਨੂੰ ਕਾਹਲੀ ਨਾਲ ਨਹੁੰ ਵਿੱਚ ਖੁੱਭੋ ਕੇ ਦੋ ਮੋਰੀਆਂ ਕਰ ਦਿੰਦਾ। ਇਓਂ ਜੰਮਿਆਂ ਖ਼ੂਨ ਨਿਕਲ ਜਾਂਦਾ ਤਾਂ ਕਿਤੇ ਜਾ ਕੇ ਆਰਾਮ ਆਉਂਦਾ। ਨਹੀਂ ਤਾਂ ਇਹ ਟੱਸ-ਟੱਸ ਮਹੀਨਾ ਭਰ ਝੱਲਣੀ ਪੈਂਦੀ। ਹਰ ਵੇਲੇ ਜਲ੍ਹਾਂਦ ਹੁੰਦੀ ਰਹਿੰਦੀ, ਨੀਂਦ ਨਾ ਆਉਣ ਦਿੰਦੀ। ਜਿੰਨਾ ਚਿਰ ਹੇਠੋਂ ਨਵਾਂ ਨੌਂਹ ਨਾ ਫੁੱਟ ਆਉਂਦਾ, ਇਹਦਾ ਬਚਾਅ ਰੱਖਣਾ ਪੈਂਦਾ ਪਰ ਦੁਖਦੇ ਥਾਂ ‘ਤੇ ਸੱਟ ਆਹਟਾ ਲੱਗਦੀ। ਕਈ ਵਾਰੀ ਲੱਤਾਂ ਜਾਂ ਪੈਰਾਂ ‘ਤੇ ਇੱਟਾਂ ਡਿੱਗ ਪੈਂਦੀਆਂ। ਹੋਰ ਕਈ ਤਰ੍ਹਾਂ ਦੀਆ ਸੱਟਾਂ ਪੇਟਾਂ ਵੀ ਲੱਗਦੀਆਂ ਰਹਿੰਦੀਆਂ ਸੀ। ਸਾਰਾ ਦਿਨ ਮੁੜ-ਮੁੜ ਕੋਡੇ ਹੋ-ਹੋ ਕੇ ਭਾਰ ਚੁੱਕਣਾ ਔਖਾ ਕੰਮ ਸੀ। ਲੰਮੇ ਬੰਦੇ ਲਈ ਹੋਰ ਵੀ ਔਖਾ। ਰੋਜ਼ ਦਿਹਾੜੀ ਦੇ ਇਸ ਕੰਮ ਨਾਲ ਕਾਮਿਆਂ ਦੇ ਤਿੱਕ ਦੁਖਣ ਲੱਗ ਪੈਂਦੇ, ਤੇ ਕਈਆਂ ਵਿਚਾਰਿਆਂ ਦੇ ਤਾਂ ਸਾਰੀ-ਸਾਰੀ ਉਮਰ ਦੁਖਦੇ ਹੀ ਰਹਿੰਦੇ। ਕਈ ਲੱਤਾਂ ਧੂਹ-ਧੂਹ ਕੇ ਤੁਰਦੇ। ਅੱਖਾਂ ਵਿੱਚ ਮਿੱਟੀ ਘੱਟਾ ਰੋੜ ਪੈਂਦੇ।  ਦੀਦੇ ਖ਼ਰਾਬ ਹੋ ਜਾਂਦੇ। ਜਿੰਨਾ ਚਿਰ ਬੇਵਾਹ ਨਾ ਹੋ ਜਾਂਦੀ ਸਾਡੇ ਭਾਈਬੰਦ ਕੰਮ ਨੂੰ ਦੱਬੀ ਜਾਂਦੇ। ਉਦੋਂ ਹੀ ਹਟਦੇ ਜਦੋਂ ਨੱਕੋਂ ਝੁੱਲ ਕੇ ਮੂੰਹ ਨੂੰ ਆ ਪੈਂਦੀਂ।

ਨਸਲਵਾਦ ਉਦੋਂ ਜ਼ੋਰਾਂ ‘ਤੇ ਸੀ। ਕਾਲੀ-ਭੂਸਲੀ ਚਮੜੀ ਵਾਲੇ ਬੰਦੇ ਗੋਰੇ ਵਸਾਰ ਰੰਗੇ ਨਸਲਵਾਦੀਆਂ ਨੂੰ ਨਾ ਭਾਉਂਦੇ। ਕੰਮਾਂ ਕਾਰਾਂ ‘ਤੇ ਇਹ ਵਿਤਕਰਾ ਗੁੱਝਾ ਹੁੰਦਾ ਸੀ ਪਰ ਕਈ ਵਾਰੀ ਇਹਦਾ ਨੰਗਾ ਚਿੱਟਾ ਰੂਪ ਵੀ ਦਿਸ ਪੈਂਦਾ ਸੀ। ਭੱਠੇ ‘ਤੇ ਬਹੁਤੇ ਬੰਦੇ ਅੰਗਰੇਜ਼ੀ ਤੋਂ ਕੋਰੇ ਸੀ। ਕਈਆਂ ਨੂੰ ਤਾਂ ਕੁਝ ਵੀ ਪਤਾ ਨਾ ਲੱਗਦਾ: ਇਹ ਮੋਹਰਿਓਂ, ਐਵੇਂ ਯਾਅ, ਯਾਅ, ਯਾਅ ਕਰੀ ਜਾਂਦੇ ਤੇ ਕੁਝ ਯੂ, ਮੀ ਕਰਨ ਜੋਗੇ ਵੀ ਸੀ। ਜਦੋਂ ਅੰਗਰੇਜ਼ੀ ਬੋਲਣ ਵਾਲਾ ਪਹਿਲਾ ਮੁੰਡਾ ਕੰਮ ‘ਤੇ ਲੱਗਣ ਗਿਆ ਤਾਂ ਕਿਸੇ ਭਲੇ ਗੋਰੇ ਨੇ ਕਿਹਾ: ਤੈਨੂੰ ਬਾਤ ਆਉਂਦੀ ਹੈ, ਤੂੰ ਮਸ਼ੀਨਾਂ ਵਾਲੀ ਵਰਕਸ਼ਾਪ ਵਿੱਚ ਅਪਰੈਂਟਰਸ਼ਿਪ ਕਰ ਲੈ। ਮੁੰਡੇ ਨੂੰ ਗੱਲ ਭਾਅ ਗਈ। ਉਹ ਮੰਨ ਗਿਆ, ਮਿੱਟੀ ਨਾਲ ਮਿੱਟੀ ਹੋਣ ਨਾਲੋਂ ਚੰਗਾ ਕੰਮ ਸੀ। ਸਾਫ਼ ਸੁਥਰਾ। ਇਹਨੂੰ ਵਰਕਸ਼ਾਪ ਵੀ ਦਿਖਾ ਦਿੱਤੀ ਗਈ। ਅਗਲੇ ਦਿਨ ਕੰਮ ‘ਤੇ ਲੱਗਣ ਲਈ ਵੀ ਕਹਿ ਦਿੱਤਾ ਗਿਆ। ਜਦੋਂ ਦੂਜੇ ਦਿਨ ਗਿਆ ਤਾਂ ਕਹਿੰਦੇ: ਏਥੇ ਵਾਲੀ ਜਗ੍ਹਾ ਤਾਂ ਹੋਰ ਕਿਸੇ ਨੂੰ ਦੇ ਦਿੱਤੀ ਹੈ, ਅਜੇ ਤੂੰ ਕੱਚੀਆਂ ਇੱਟਾਂ ਵਾਲੇ ਪਾਸੇ ਹੀ ਲੱਗ ਜਾਹ। ਮਗਰੋਂ ਪਤਾ ਲੱਗਾ ਕਿ ਇਹਦਾ ਭੂਸਲਾ ਰੰਗ ਦੇਖ ਕੇ ਵਰਕਸ਼ਾਪ ਦੇ ਗੋਰੇ ਸੁਪਰਵਾਈਜ਼ਰ ਨੇ ਮੈਨੇਜਰ ਨੂੰ ਕਹਿ ਦਿੱਤਾ ਸੀ ਕਿ ਜੇ ਤੂੰ ਇਹਨੂੰ ਏਥੇ ਲਾਉਣਾ ਹੈ ਤਾਂ ਗੋਰੇ ਮਕੈਨਿਕਾਂ ਨੇ ਮੈਨੂੰ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਕੱਲ੍ਹ ਨੂੰ ਕੰਮ ‘ਤੇ ਨਹੀਂ ਆਉਣਾ।

ਪੁਰਾਣੇ ਬੰਦੇ ਨਵਿਆਂ ਨੂੰ ਅਕਸਰ ਇਹੀ ਦੱਸਦੇ-ਸਮਝਾਉਂਦੇ ਕਿ ਭਾਈ, ਤੁਸੀਂ ਤਾਂ ਕੋਈ ਪੁੰਨ ਕੀਤਾ ਹੋਇਆ, ਹੁਣ ਤਾਂ ਕੰਮ ਬਹੁਤਾ ਹੀ ਸੁਖਾਲ਼ਾ ਹੋ ਗਿਆ ਹੈ। ਕਿਤੇ ਪਹਿਲੀਆਂ ਵਿੱਚ ਦੇਖਦੇ, ਫਿਰ ਤੁਹਾਨੂੰ ਵਲੈਤ ਦੇ ਰੰਗਾਂ ਦਾ ਪਤਾ ਲੱਗਦਾ। ਉਦੋਂ ਕੱਚੀਆਂ ਇੱਟਾਂ ਆਪ ਹੀ ਛੋਟੇ-ਛੋਟੇ ਠੇਲ੍ਹਿਆਂ ‘ਤੇ ਲੈ ਜਾ ਕੇ ਚੈਂਬਰਾਂ ਵਿੱਚ ਖ਼ੁਦ ਹੀ ਚਿਣਨੀਆਂ ਪੈਂਦੀਆਂ ਸਨ। ਪੱਕ ਜਾਣ ‘ਤੇ ਏਦਾਂ ਆਪ ਹੀ ਅੰਦਰ ਜਾ ਕੇ ਤੰਦੂਰ ਵਾਂਗੂੰ ਤਪਦੇ ਭੱਠਿਆਂ (ਚੈਂਬਰਾਂ) ਵਿੱਚੋਂ ਬਾਹਰ ਕੱਢਣੀਆਂ ਪੈਂਦੀਆਂ ਸਨ। ਸਰਦੀਆਂ ਨੂੰ ਤਾਂ ਸਰ ਜਾਂਦਾ ਸੀ ਕਿਉਂਕਿ ਬਾਹਰ ਠੰਢ ਹੁੰਦੀ ਸੀ  ਉਦੋਂ ਠੰਢ ਪੈਂਦੀ ਵੀ ਬਹੁਤ ਹੁੰਦੀ ਸੀ। ਪਰ ਗਰਮੀਆਂ ਨੂੰ ਬੜਾ ਔਖਾ ਹੁੰਦਾ ਸੀ। ਏਦਾਂ ਦੀਆਂ ਗਰਮੀਆਂ ਨੂੰ ਤਾਂ ਪੰਜਾਬ ਵਿੱਚ ਵੀ ਲੋਕ ਔਖੇ ਹੋ ਜਾਇਆ ਕਰਦੇ ਸੀ, ਜਿਨ੍ਹਾਂ ਤੋਂ ਡਰਦਿਆਂ ਲੋਕਾਂ ਦੇ ਸਾਧ ਹੋ ਜਾਣ ਦੀਆਂ ਗੱਲਾਂ ਬਣੀਆਂ-ਸੁਣੀਆਂ ਹੋਈਆਂ ਨੇ। ਏਸੇ ਤਰ੍ਹਾਂ ਉਦੋਂ ਪੱਕੀਆਂ ਇੱਟਾਂ ਦੇ ਵੀ ਚੱਕੇ ਨਹੀਂ ਸੀ ਲਾਈਦੇ, ਸਿੱਧੀਆਂ ਹੀ ਮਾਲ ਗੱਡੀ ਦੀਆਂ ਵੈਗਨਾਂ ‘ਤੇ ਲੱਦੀ ਦੀਆਂ ਸੀ। ਬਾਅਦ ਵਿੱਚ ਜਦੋਂ ਲਾਰੀਆਂ ਆ ਗਈਆਂ ਤਾਂ ਫਿਰ ਸਿੱਧੀਆਂ ਲਾਰੀਆਂ ‘ਤੇ ਹੀ ਲੱਦਣ ਲੱਗ ਪਏ ਸੀ। ਕਦੇ-ਕਦੇ ਲਾਰੀ ਇੱਟਾਂ ਤੋਂ ਦੂਰ ਖੜ੍ਹੀ ਹੁੰਦੀ ਸੀ। ਜਾਂ ਰਤਾ ਕੁ ਫ਼ਰਕ ਨਾਲ ਲਾਈ ਲਾਰੀ ‘ਤੇ ਇੱਕ ਲੱਤ ਉੱਤੇ ਤੇ ਇੱਕ ਥੱਲੇ ਹੋਣੀ ਤਾਂ ਕਈਆਂ ਦੇ ਚੱਡੇ ਖਿੱਚੇ ਜਾਂਦੇ ਸੀ। ਫਿਰ ਕਈ-ਕਈ ਦਿਨ ਕਾਮਿਆਂ ਤੋਂ ਸਿੱਧਾ ਵੀ ਨਾ ਤੁਰਿਆ ਜਾਂਦਾ। ਹਵਾ ਵਗਦੀ ਹੋਣੀ ਤਾਂ ਅੱਖਾਂ ਦੀ ਸ਼ਾਮਤ ਆ ਜਾਂਦੀ ਸੀ, ਲਾਲਚ ਵਿੱਚ ਲੋਕਾਂ ਅੱਖਾਂ ਚੁੰਨ੍ਹੀਆਂ ਕਰਕੇ ਹੀ ਬੁੱਤਾ ਸਾਰੀ ਜਾਣਾ। ਕਈ ਵਾਰੀ ਹੇਠੋਂ ਲਾਰੀ ‘ਤੇ ਇੱਟਾਂ ਰੱਖਦੇ ਬੰਦੇ ਦੇ ਮੂੰਹ ‘ਤੇ ਪਹਿਲੀਆਂ ਉਪਰ ਰੱਖੀਆਂ ਇੱਟਾਂ ਵਿੱਚੋਂ ਆ ਕੇ ਵੱਜਣੀ। ਥੋੜ੍ਹਾ ਚਿਰ ਹਾਲ ਪਾਹਰਿਆ ਹੋਣੀ, ਫਿਰ ਓਸੇ ਚਾਲੇ – ਚੱਲ ਸੋ ਚੱਲ। ਸਿਆਣਿਆਂ ਦੀ ਗੱਲਾਂ ਸੁਣ ਕੇ ਇਨ੍ਹਾਂ ਦੀ ਪਹਿਲੀ ਝੱਲੀ ਔਖ ਅੱਖਾਂ ਸਾਹਵੇਂ ਨਜ਼ਰ ਆਉਣ ਲੱਗ ਪੈਂਦੀ।

ਬਲੈੱਚਲੀ, ਰਿੱਜਮੌਂਟ, ਮਿੱਲਬਰੁਕ, ਲਿਡਲਿੰਗਟਨ, ਮਾਰਸਟਨ, ਸਟਿਓਟਰਬੀ, ਕੈੱਮਪਸਟੰਨ ਹਾਰਡਵਿਕ, ਐੱਲਸਟੋਅ, ਚਿਮਨੀ ਕਾਰਨਰ ਆਦਿ ਭੱਠਿਆਂ ਦੇ ਨਾਂ ਸਨ। ਇਹ ਸਭ ਨਾਂ ਨਾਲ਼ ਲਗਦੇ ਪਿੰਡਾਂ ਦੇ ਨਾਵਾਂ ‘ਤੇ ਹੀ ਰੱਖੇ ਹੋਏ ਸੀ। ਇਨ੍ਹਾਂ ਵਿੱਚੋਂ ਤਿੰਨ ਚਾਰ ਤਾਂ ਮੈਂ ਵੀ ਚਲਦੇ ਦੇਖੇ ਤੇ ਤਿੰਨਾਂ ‘ਤੇ ਕੰਮ ਵੀ ਕੀਤਾ। ਪਹਿਲੀਆਂ ਵਿੱਚ ਤਾਂ ਇਹ ਸਾਰੀਆਂ ਨਿੱਕੀਆਂ-ਨਿੱਕੀਆਂ ਕੰਪਨੀਆਂ ਹੀ ਸਨ। ਫਿਰ ਇਨ੍ਹਾਂ ਵਿੱਚੋ ਦੋਂਹ ਨੇ ਰਲ਼ ਕੇ ਲੰਡਨ ਬਰਿੱਕ ਕੰਪਨੀ (London Brick Company) ਬਣਾ ਲਈ। ਮਗਰੋਂ ਏਸੇ ਕੰਪਨੀ ਨੇ ਹੌਲ਼ੀ-ਹੌਲ਼ੀ ਸਾਰੇ ਭੱਠੇ ਖ਼ਰੀਦ ਕੇ ਵੱਡੀ ਲੱਠਮਾਰ ਫ਼ਰਮ ਬਣਾ ਲਈ – ਇੱਟਾਂ ਦੀ ਸਰਦਾਰ ਕੰਪਨੀ। ਲਾਗੇ ਦੇ ਪੀਟਰਬਰੋਅ, ਆਰਲਸੀ ਤੇ ਕੈਲਵਰਟ ਹੋਰ ਭੱਠੇ ਖ਼ਰੀਦ ਕੇ ਭੱਠਿਆਂ ਦੀ ਮਾਲਕੀ ਦੀ ਕਲਗ਼ੀ ਵੀ ਸਜਾ ਲਈ। ਬਾਅਦ ਵਿੱਚ ਇਹੋ ਕੰਪਨੀ ਕਿਸੇ ਲਾਰਡ ਹੈਨਸਨ ਨੇ ਮੁੱਲ ਲੈ ਲਈ ਸੀ। ਕੰਪਨੀ ਦਾ ਪਸਾਰ ਏਨਾ ਵੱਡਾ ਸੀ ਕਿ ਹੈਨਸਨ ਨੇ ਹੌਲ਼ੀ-ਹੌਲ਼ੀ ਇਹਦੀ ਭੰਨ ਤੋੜ ਕਰਕੇ ਅੱਧ ਪਚੱਧੀ ਵੇਚ ਵੱਟ ਲਈ ਜਾਂ ਭੱਠੇ ਬੰਦ ਕਰ ਦਿੱਤੇ ਸਨ। ਨਵੀਂ ਤਕਨੀਕ ਦੇ ਮਕਾਨ ਬਣਨ ਨਾਲ ਇੱਟਾਂ ਦੀ ਖਪਤ ਵੀ ਘੱਟ ਹੋਣ ਲੱਗ ਪਈ ਸੀ। ਵਾਤਾਵਰਣ ਨੂੰ ਸਹੀ ਰੱਖਣ ਲਈ ਧੂੰਆਂ ਤੇ ਗੈਸ ਘਟਾਉਣ ਲਈ ਸਰਕਾਰੀ ਦਬਾਅ ਵੀ ਵਧਣਾ ਸ਼ੁਰੂ ਹੋ ਗਿਆ। ਨਹੀਂ ਤਾਂ ਭਾਰੀ ਜੁਰਮਾਨੇ ਹੋਣ ਦੇ ਆਸਾਰ ਵਧੀ ਜਾ ਰਹੇ ਸਨ। ਇਓਂ ਭੱਠੇ ਬੰਦ ਹੀ ਹੁੰਦੇ ਗਏ। ਫਿਰ ਤਾਂ ਨਾਂ ਨਿਸ਼ਾਨ ਵੀ ਮਿਟ ਗਿਆ। ਹੁਣ ਏਥੇ ਕੋਈ ਵੀ ਭੱਠਾ ਨਹੀਂ, ਪਰ ਦੇਸੀ ਭਾਈਬੰਦਾਂ ਲਈ ਇਹਦੀ ਅੱਲ ਅਜੇ ਵੀ ਭੱਠਿਆਂ ਵਾਲੇ ਬੈੱਡਫ਼ੋਰਡ ਦੀ ਹੀ ਹੈ।

ਬੈੱਡਫਰਡ ਤੋਂ ਬਲੈੱਚਲੀ ਤੀਕ, ਇਨ੍ਹਾਂ ਭੱਠਿਆਂ ਨੂੰ ਮੇਲ਼ਦੀ ਰੇਲਵੇ ਲਾਈਨ ਵੀ ਚਲਾਈ ਹੋਈ ਸੀ, ਜਿਹਦਾ ਪਹਿਲੀਆਂ ਵਿੱਚ ਤਾਂ ਮੁੱਖ ਮਕਸਦ ਭੱਠਿਆਂ ਤੋਂ ਇੱਟਾਂ ਚੁੱਕ ਕੇ ‘ਗਾਂਹ ਹੋਰ ਸ਼ਹਿਰਾਂ ਪਹੁੰਚਦੀਆਂ ਕਰਨਾ ਹੀ ਹੁੰਦਾ ਸੀ। ਪਰ ਵਿਚ-ਵਿਚ, ਵਿਰਲੇ-ਵਿਰਲੇ ਸਵਾਰੀਆਂ ਢੋਣ੍ਹ ਲਈ ਟਾਈਮ ਵੀ ਲਾਏ ਹੋਏ ਸੀ, ਛੋਟੀ ਜਿਹੀ ਰੇਲ ਗੱਡੀ, ਸਿਰਫ਼ ਦੋਂਹ ਡੱਬਿਆਂ ਦੀ ਏਧਰੋਂ-ਓਧਰ ਨੱਠੀ ਭੱਜੀ ਫਿਰਦੀ। ਵਿਚੇ ਹੀ ਟਿਕਟਾਂ ਦੇਣ ਵਾਲਾ ਕੰਡੱਕਟਰ ਤੁਰਿਆ ਫਿਰਦਾ ਪੰਜਾਬ ਦੀਆਂ ਬੱਸਾਂ ਵਾਂਗੂੰ। ਇਨ੍ਹਾਂ ਵਿੱਚ ਭੱਠਿਆਂ ਵਾਲੇ ਪਿੰਡਾਂ ਦੇ ਬਾਸ਼ਿੰਦੇ ਸਫ਼ਰ ਕਰਦੇ ਸਨ। ਕਦੇ ਕਦਾਈਂ ਕੰਮ ਕਰਨ ਵਾਲੇ ਵੀ ਸਫ਼ਰ ਕਰ ਲੈਂਦੇ। ਜਾਂ ਇਨ੍ਹਾਂ ਪਿੰਡਾਂ ਦੇ ਨਿਆਣੇ ਰੇਲ ਗੱਡੀ ‘ਤੇ ਚੜ੍ਹ ਕੇ ਬੈੱਡਫਰਡ ਦੇ ਸਕੂਲੀਂ ਆਉਂਦੇ-ਜਾਂਦੇ। ਹੁਣ ਕਾਰਾਂ ਦਾ ਹੜ੍ਹ ਆ ਜਾਣ ਅਤੇ ਭੱਠਿਆਂ ਦਾ ਨਾਂ ਨਿਸ਼ਾਨ ਮਿਟ ਜਾਣ ਦੇ ਬਾਵਜੂਦ ਇਹ ਰੇਲ ਗੱਡੀ ਮਾਰੋ ਮਾਰ ਚੱਲੀ ਜਾਂਦੀ ਹੈ, ਬੈੱਡਫ਼ਰਡ ਨੂੰ ਮਿਲਟਨ ਕੀਨਜ਼ ਨਾਲ਼ ਮੇਲ਼ਦੀ।

ਪਹਿਲੀ ਪੀੜ੍ਹੀ ਦੇ ਪੁਰਾਣੇ ਬੰਦੇ ਮੋਟਰਵੇਅ ਤੋਂ ਘਰ ਆਉਣ ਦੀ ਨਿਸ਼ਾਨੀ ਵੀ ਭੱਠਿਆਂ ਦੀ ਹੀ ਰੱਖਦੇ ਸੀ। ਉੱਚੀਆਂ ਲੰਮੀਆਂ ਚਿਮਨੀਆਂ ਦਿਸ ਪੈਣੀਆਂ ਤਾਂ ਐੱਮ ਵੰਨ (M1) ਮੋਟਰਵੇਅ ਤੋਂ ਉੱਤਰ ਕੇ ਘਰ ਪਹੁੰਚ ਜਾਂਦੇ। ਪੁਰਾਣਿਆਂ ਵਿੱਚੋਂ ਬਹੁਤੇ ਭਾਈਬੰਦ ਅਧਪੜ੍ਹ ਸੀ ਤੇ ਕਈ ‘ਗੂਠਾ ਛਾਪ ਵੀ। ਸੜਕਾਂ ਤੇ ਲਿਖੇ ਸਾਈਨ ਉਠਾਲਣ ਜੋਗੇ ਵੀ ਨਹੀਂ ਸੀ। ਕਈਆਂ ਦੀ ਨਿਗ੍ਹਾ ਵੀ ਕਮਜ਼ੋਰ ਸੀ। ਪਰ ਪੈਸੇ ਬਚਾਉਣ ਦੇ ਲਾਲਚ ਵਿੱਚ ਜਾਂ ਤਾਂ ਐਨਕ ਹੀ ਨਹੀਂ ਸੀ ਲਗਾਉਂਦੇ ਜਾਂ ਸੁਸਤੀ ਕਰਕੇ ਇਹ ਮੁੜ ਕੇ ਅੱਪਡੇਟ ਨਹੀਂ ਸੀ ਕਰਵਾਉਂਦੇ। ਘੱਟ ਨਜ਼ਰ ਵਾਲਿਆਂ ਨੂੰ ਤਾਂ ਨਿਗ੍ਹਾ ਸਾਲ ਦੀ ਸਾਲ ਚੈੱਕ ਕਰਾਉਣ ਦੀ ਲੋੜ ਹੁੰਦੀ ਹੈ। ਉਦੋਂ ਸੜਕਾਂ ‘ਤੇ ਟ੍ਰੈਫਿਕ ਵੀ ਘੱਟ ਸੀ ਤੇ ਨਿਯਮ ਵੀ ਘੱਟ ਸਖ਼ਤ ਹੋਣ ਕਰਕੇ ਸਰਦਾ ਗਿਆ, ਅੱਜਕੱਲ੍ਹ ਹੁੰਦਾ ਤਾਂ ਬੜੀਆਂ ਦਿੱਕਤਾਂ ਆਉਣੀਆਂ ਸੀ। ਕਈ ਵਿਚਾਰੇ ਸਾਊਥਾਲ ਜਾਂ ਹੀਥਰੋ ਏਅਰਪੋਰਟ ਤੋਂ ਆਉਂਦੇ ਬਹੁਤੀ ਵਾਰ ‘ਨੇਰੇ ਵਿੱਚ ਭੱਠਿਆਂ ਦੀਆਂ ਚਿਮਨੀਆਂ ਉਡੀਕਦੇ-ਉਡੀਕਦੇ ਹੀ ਕਿਤੇ ਦੀ ਕਿਤੇ ਨਿਕਲ ਜਾਂਦੇ। ਕਈ ਗੱਲਾਂ ਕਰਦੇ-ਕਰਦੇ ‘ਗਾਂਹ ਹੀ ਚਲੇ ਜਾਂਦੇ। ਨੌਰਥਹੈਂਪਟਨ, ਕਵੈਂਟਰੀ ਜਾਂ ਲੈੱਸਟਰ ਤੋਂ ਫਿਰ ਪਿੱਛੇ ਨੂੰ ਮੁੜਦੇ। ਕਈ ਚੌਕਸੀ ਵਰਤਦਿਆਂ ਨਾਲ਼ਦਿਆਂ ਨੂੰ ਪਹਿਲਾਂ ਹੀ ਕਹਿ ਦਿੰਦੇ: ਬਈ ਭੱਠੇ ਆਉਣ ਤੋਂ ਪੰਜ ਸੱਤ ਮਿੰਟ ਪਹਿਲਾਂ ਹੀ ਮੈਨੂੰ ਖ਼ਬਰਦਾਰ ਕਰ ਦਿਓ, ਕਿਤੇ ‘ਗਾਂਹ ਹੀ ਨਾ ਨਿਕਲ ਜਾਈਏ।

ਜਿੰਨਾ ਚਿਰ ਵੀ ਰਹੇ, ਭੱਠਿਆਂ ਨੇ ਲੋਕਾਂ ਨੂੰ ਬੜਾ ਰਿਜ਼ਕ ਦਿੱਤਾ। ਸਾਡਿਆਂ ਨੂੰ ਰੱਜ ਕੇ। ਪਹਿਲੀਆਂ ਵਿੱਚ ਆਏ ਪੰਜਾਬੀਆਂ ਨੂੰ ਵੱਡੀ ਔਖ ਤਾਂ ਜ਼ੁਬਾਨ ਦੀ ਹੀ ਸੀ। ਪਰ ਇਹ ਕਾਮੇ ਤਕੜੇ ਸੀ। ਪਿੱਛੇ ਜਾਨ ਮਾਰ ਕੇ ਵਾਹੀਆਂ-ਖੇਤੀਆਂ ਦਾ ਕੰਮ ਕਰਦੇ ਆਏ ਸੀ। ਥੋੜ੍ਹੀਆਂ ਜ਼ਮੀਨਾਂ ‘ਤੇ ਮਿੱਟੀ ਨਾਲ ਮਿੱਟੀ ਹੁੰਦੇ ਜਾਂ ਦਿਹਾੜੀ-ਦੱਪਾ ਕਰਦੇ। ਦੁਆਬੀਏ ਤਾਂ ਵਲੈਤਾਂ ਨੂੰ ਨਿਕਲ਼ੇ ਵੀ ਥੁੜ੍ਹਾਂ ਕਰਕੇ ਹੀ ਸੀ। ਭੱਠੇ ਇਨ੍ਹਾਂ ਦੇ ਰੁਕ ਬਹਿ ਗਏ। ਇਨ੍ਹਾਂ ਨੇ ਏਨੇ ਨੋਟ ਕਮਾਏ ਕਿ ਪੌਂਡੋ-ਪੌਂਡੀ ਹੋ ਗਏ। ਪੈਸੇ ਬਣਾਉਣ ਵਾਲੀਆਂ ਲੂਰ੍ਹੀਆਂ ਲਾਹ ਲਈਆਂ।

ਭੱਠਿਆਂ ਦੀਆਂ ਟਰੇਡ ਯੂਨੀਅਨਾਂ ਵਿੱਚ ਵੀ ਸਾਡੇ ਬੰਦਿਆਂ ਕੰਮ ਕੀਤਾ। ਕਈਆਂ ਨੇ ਤਾਂ ਇਹਨੂੰ ਪੌੜੀ ਹੀ ਬਣਾ ਲਿਆ, ਜਦੋਂ ਮਾੜੀ ਜਿਹੀ ਠਾਹਰ ਬਣ ਗਈ, ਛੇਤੀ ਦੇਣੀ ਕੋਈ ਛੋਟੀ ਮੋਟੀ ਸੁਪਰਵਾਈਜ਼ਰ ਦੀ ਨੌਕਰੀ ਲੈ ਲਈ ਤੇ ਫਿਰ ਯੂਨੀਅਨ ਨਾਲ ਕੋਈ ਲੈਣ ਦੇਣ ਨਹੀਂ ਰੱਖਿਆ। ਕਈ ਮਜ਼ਦੂਰਾਂ ਦੇ ਹੱਕਾਂ ਲਈ ਤਨੋ ਮਨੋਂ ਤੁਲੇ ਵੀ ਰਹੇ। ਲੱਖੀ, ਸੋਹਣ, ਭਜਨ, ਸਿੱਧੂ, ਕਸ਼ਮੀਰਾ, ਚਰਨ ਮੱਖਣ ਆਦਿ ਡਟਣ ਵਾਲਿਆਂ ਵਿੱਚੋਂ ਸੀ। ਇਨ੍ਹਾਂ ਹੜਤਾਲਾਂ ਕੀਤੀਆਂ-ਕਰਵਾਈਆਂ ਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ਼ ਮਿਲ ਕੇ ਮਾਲਕਾਂ ਦੇ ਖ਼ਿਲਾਫ਼ ਕੇਸ ਲੜੇ, ਲੋਕਾਂ ਨੂੰ ਮੋਟੇ-ਮੋਟੇ ਮੁਆਵਜ਼ੇ ਵੀ ਦੁਆਏ। ਕਈ ਦੋਗਲੇ ਵੀ ਚਲਦੇ ਤੇ ਕਈ ਹੜਤਾਲਾਂ ਫ਼ੇਲ੍ਹ ਕਰਾਉਣ ਲਈ ਬੰਦੇ ਭੰਨਣ ਦੀ ਵਾਹ ਵੀ ਲਾਉਂਦੇ।

ਵਲੈਤੋਂ ਵਾਪਸ ਜਾ ਕੇ ਸਾਡੇ ਬੰਦਿਆਂ ਦੀ ਫੜ੍ਹ ਮਾਰਨ ਦੀ ਗੱਲ ਵੀ ਮੰਨੀ ਦੰਨੀ ਹੋਈ ਰਹੀ ਹੈ। ਇਕ ਤਾਂ ਠੰਢੇ ਮੁਲਕ ਵਿੱਚ ਰਹਿਣ ਕਰਕੇ ਸਭ ਦਾ ਰੰਗ ਰਤਾ ਕੁ ਨਿੱਖਰ ਗਿਆ ਹੁੰਦਾ ਸੀ, ਨਾਲ਼ ਪ੍ਰਾਹੁਣਚਾਰੀ ਵਜੋਂ ਗਿਆਂ ਦੇ ਪਾਏ ਸਾਫ਼ ਸੁਥਰੇ ਕੱਪੜੇ ਵਲੈਤੀਆਂ ਦਾ ਹੋਰ ਵੀ ਠੁੱਕ ਬੰਨ੍ਹ ਦਿੰਦੇ। ਦੂਸਰੇ ਫੋਕੇ ਰੋਹਬ ਖ਼ਾਤਰ ਪਾਈਆਂ ਸੋਨੇ ਦੀਆਂ ਮੁੰਦੀਆਂ, ਕੜੇ, ਜ਼ੰਜੀਰੀਆਂ ਦਾ ਵਿਖਾਵਾ ਪਿਛਲੇ ਬੰਦਿਆਂ ਨੂੰ ਝੱਟ ਭਰਮਾ ਲੈਂਦਾ। ਵਿਚ-ਵਿਚ ਟੁੱਟੀ ਫੁੱਟੀ ਅੰਗਰੇਜ਼ੀ ਵੀ ਠੋਕ ਦਿੰਦੇ। ਇਹ ਆਮ ਗੱਲਾਂ ਵਧਾ ਕੇ ਹੀ ਕਰਦੇ ਸੀ; ਕਈ ਤਾਂ ਬਹੁਤਾ ਮਸਾਲਾ ਲਾ ਦਿੰਦੇ ਸੀ। ਪਿੰਡਾਂ ਵਿੱਚ ਕੰਮ ਵਾਲਿਆਂ ਦਾ ਤਾਂ ਵਿਚਾਰਿਆਂ ਦਾ ਮੂੰਹ ਹੱਥ ਧੋਣ ਦਾ ਵਿਹਲ ਵੀ ਨਹੀਂ ਸੀ ਲੱਗਦਾ ਹੁੰਦਾ। ਪਰ ਵਿਹਲੜ ਬੰਦੇ ਜ਼ਰੂਰ ਤਾਸ਼ਾਂ ਖੇਡੀ ਜਾਂਦੇ ਜਾਂ ਝੱਖ ਮਾਰੀ ਜਾਂਦੇ। ਵਲੈਤੀਆਂ ਦੀਆਂ ਪੱਟਣ ਵਾਲੀਆਂ ਗੱਲਾਂ ਵਿੱਚ ਇਹ ਅਕਸਰ ਆ ਜਾਂਦੇ, ਕਈ ਭਰਮਾਏ ਵੀ ਜਾਂਦੇ। ਕੁਝ ਕਿੱਲਾ ਵੇਚ ਕੇ ਜਾਂ ਗਹਿਣੇ ਰੱਖ ਕੇ ਵਲੈਤਾਂ ਨੂੰ ਤੁਰਨ ਦਾ ਸਬੱਬ ਬਣਾ ਲੈਂਦੇ। ਕਈ ਅੱਡੀਆਂ ਚੁੱਕ ਕੇ ਫਾਹਾ ਵੀ ਲੈ ਲੈਂਦੇ। ਕਈਆਂ ਦੀਆਂ ਪੌਂਅ ਬਾਰਾਂ ਹੋ ਜਾਂਦੀਆਂ ਤੇ ਕਈਆਂ ਵਿਚਾਰਿਆਂ ਦੇ ਤਿੰਨ ਕਾਣੇ ਹੀ ਰਹਿੰਦੇ।

ਪਿਛਲੇ ਵੀ ਗੁੱਡੀਆਂ ਬੰਨ੍ਹਣ ਦੀ ਕਸਰ ਨਾ ਛੱਡਦੇ: ਬਈ ਸਾਡਾ ਵਲੈਤੀਆ ਤਾਂ ਫੱਟੇ ਚੱਕੀ ਜਾਂਦਾ। ਸਵੇਰੇ ਟਾਈ ਲਾ ਕੇ ਕੰਮ ‘ਤੇ ਜਾਂਦਾ, ਸ਼ਾਮ ਨੂੰ ਘਰ ਆ ਕੇ ਫਲ਼-ਫਰੂਟ ਹੀ ਖਾਂਦਾ। ਫਿਰ ਬਾਗ ਵਿੱਚ ਸੈਰ ਕਰਨ ਜਾਂਦਾ  ਵਲੈਤ ਵਿੱਚ ਬਾਗ ਬਗੀਚੇ ਬਹੁਤ ਨੇ। ਉਹਨੇ ਤਾਂ ਜਲੰਧਰ ਦੀਆਂ ਬੈਂਕਾਂ ਪੈਸਿਆਂ ਨਾਲ ਭਰੀਆਂ ਹੋਈਆਂ। ਉੱਥੇ ਬੇਹੀ ਰੋਟੀ ਨਹੀਂ ਖਾਂਦੇ, ਸ਼ਾਮਾਂ ਨੂੰ ਸਰਕਾਰ ਘਰੋ ਘਰੀਂ ਚੈੱਕ ਕਰਦੀ ਫਿਰਦੀ ਹੈ ਤੇ ਜੇ ਕਿਸੇ ਦੇ ਘਰ ਬੇਹੀ ਰੋਟੀ ਦੇਖ ਲਈ ਜਾਵੇ ਤਾਂ ਉਹਨੂੰ ਜੁਰਮਾਨਾ ਕਰਦੇ ਆ।  ਏਸ ਝੂਠ ਦਾ ਭਾਂਡਾ ਉਦੋਂ ਭੱਜਦਾ, ਜਦੋਂ ਹੋਰ ਕੋਈ ਪਿੰਡੋਂ ਆ ਕੇ ਭੱਠੇ ਤੋਂ ਮਿੱਟੀ ਨਾਲ ਮਿੱਟੀ ਹੋ ਕੇ ਆਏ ਬੰਦੇ ਨੂੰ ਪਛਾਣ ਵੀ ਨਾ ਸਕਦਾ। ਫਿਰ ਪੁਰਾਣਾ ਵਲੈਤੀਆ ਨਵੇਂ ਆਏ ਬੰਦੇ ਦਾ ਤਰਲਾ ਕੱਢਦਾ: ਯਾਰ ਹੁਣ ਤੂੰ ਪਿੰਡ ਕਿਸੇ ਹੋਰ ਨੂੰ ਨਾ ਦੱਸ ਦਈਂ। ਪਹਿਲੀਆਂ ਵਿੱਚ ਲੋਕ ਤਾਂ ਹਫ਼ਤਾ-ਹਫ਼ਤਾ ਬੇਹੀ ਦਾਲ ਹੀ ਖਾਈ ਜਾਂਦੇ ਹੁੰਦੇ ਸੀ। ਪੰਜਾਂ ਸੱਤਾਂ ਦਿਨਾਂ ਜੋਗੀ, ਇੱਕੋ ਵਾਰੀ ਬਣਾ ਕੇ ਫਰਿੱਜ ਵਿੱਚ ਰੱਖ ਲੈਂਦੇ ਸੀ ਤੇ ਫਿਰ ਸਾਰਾ ਹਫ਼ਤਾ ਉਹਦੇ ਵਿੱਚੋਂ ਹੀ ਗਰਮ ਕਰਕੇ ਖਾਈ ਜਾਂਦੇ।

ਮੇਰੇ ਨਾਲ ਹੀ ਭੱਠੇ ‘ਤੇ ਕੰਮ ਕਰਦਾ ਕੋਈ ਬੰਦਾ ਦੱਸੇ ਕਿ ਇਹ ਪੰਜਾਬ ਨੂੰ ਛੁੱਟੀ ਗਿਆ ਆਪਣੇ ਵਕੀਲ ਭਰਾ ਦੇ ਖੋਖੇ ਕੋਲ ਬੈਠਾ ਧੁੱਪ ਸੇਕ ਰਿਹਾ ਸੀ। ਦੇਸ਼ ਵਿੱਚ ਵਲੈਤੋਂ ਗਏ ਬੰਦੇ ਦਾ ਝੱਟ ਪਤਾ ਲੱਗ ਜਾਂਦਾ ਹੈ-ਕਈ ਗੱਲਾਂ ਕਰਕੇ। ਚਾਂਭਲ ਚਾਂਭਲ ਕੇ ਗੱਲਾਂ ਕਰਦੇ ਨੂੰ, ਭਰਾ ਦੇ ਨਾਲ ਦੇ ਵਕੀਲ ਨੇ ਗੱਲੀਂ-ਗੱਲੀਂ ਇਹਨੂੰ ਪੁੱਛ ਲਿਆ: ਭਾਈ ਸਾਹਿਬ ਜੀ, ਤੁਸੀਂ ਵਲੈਤ ਵਿੱਚ ਕੀ ਕੰਮ ਕਾਰ ਕਰਦੇ ਹੋ? ਪਹਿਲਾਂ ਤਾਂ ਪੈਂਦੀ ਸੱਟੇ ਇਹਨੇ ਸੱਚੋ-ਸੱਚ ਦੱਸ ਦਿੱਤਾ, ਫਿਰ ਆਪਣੇ ਵਕੀਲ ਭਰਾ ਦੇ ਰੁਤਬੇ ਦਾ ਖ਼ਿਆਲ ਕਰਕੇ ਗੱਲ ਬਦਲਣ ਲੱਗ ਪਿਆ: ਜੀ ਓਥੇ ਤਾਂ ਭੱਠੇ ਮਸ਼ੀਨਾਂ ਨਾਲ ਚਲਦੇ ਨੇ; ਅਸੀਂ ਤਾਂ ਬਟਨ ਦੱਬ ਕੇ ਕੋਲ ਕੁਰਸੀ ‘ਤੇ ਬੈਠੇ ਹੀ ਰੲ੍ਹੀਦਾ, ਬੱਸ ਨਿਗ੍ਹਾਸਾਨੀ ਹੀ ਰੱਖੀਦੀ ਹੈ। ਕੰਮ ਆਪੇ ਹੋਈ ਜਾਂਦਾ। ਐਈਥੇ ਵਰਗੇ ਭੱਠੇ ਨਹੀਂ, ਉਹ। ਕੋਈ ਮਿੱਟੀ ਘੱਟਾ ਨਹੀਂ ਹੁੰਦਾ। ਸੁਆਲ ਪੁੱਛਣ ਵਾਲੇ ਵਕੀਲ ਨੇ ਇੱਕੋ ਤੋੜਾ ਝਾੜ ਕੇ ਗੱਲ ਮੁਕਾ ਦਿੱਤੀ: ਹੈਗਾ ਤਾਂ ਭੱਠਾ ਈ ਨਾ! ਇਸ ਵਲੈਤੀਏ ਦਾ ਦੱਸਿਆ ਸੱਚ ਪੂਰਾ ਨਹੀਂ ਸੀ, ਬਹੁਤਾ ਝੂਠ ਸੀ। ਜਿੰਨਾਂ ਮਿੱਟੀ ਘੱਟਾ ਭੱਠੇ ‘ਤੇ ਹੁੰਦਾ, ਵਲੈਤ ਵਿੱਚ ਹੋਰ ਕਿਸੇ ਥਾਂ ਹੁੰਦਾ ਹੀ ਨਹੀਂ। ਭੱਠੇ ਤੋਂ ਮਿੱਟੀ ਘੱਟੇ ਵਿੱਚ ਲਿੱਬੜ ਕੇ ਪਹਿਲੀ ਵਾਰ ਘਰ ਆਇਆ ਬੰਦਾ ਘਰ ਦਿਆਂ ਤੋਂ ਪਛਾਣਿਆ ਵੀ ਨਹੀਂ ਸੀ ਜਾਂਦਾ। ਭੱਠੇ ‘ਤੇ ਢੇਰਾਂ ਦੇ ਢੇਰ ਮਿੱਟੀ ਹੀ ਪਈ ਹੁੰਦੀ ਸੀ ਜਦੋਂ ਹਵਾ ਚਲਦੀ ਇਹ ਮਿੱਟੀ ਧੂੜ ਅੱਖਾਂ ਵਿੱਚ ਪੈ-ਪੈ ਕੇ ਇਨ੍ਹਾਂ ਦਾ ਨਾਸ ਮਾਰਦੀ। ਮਸ਼ੀਨਾਂ ਤਾਂ ਬਿਲਕੁਲ ਹੈ ਸੀ ਪਰ ਇੱਟਾਂ ਬੰਦੇ ਹੱਥਾਂ ਨਾਲ ਹੀ ਚੁੱਕਦੇ ਸੀ। ਦੂਸਰਾ, ਜੇ ਤੁਸੀਂ ਕਿਤੇ ਭੱਠੇ ‘ਤੇ ਕੰਮ ਕਰਦੇ ਬੰਦੇ ਨਾਲ ਹੱਥ ਮਿਲਾ ਲਓ, ਤਾਂ ਝੱਟ ਪਤਾ ਲੱਗ ਜਾਂਦਾ ਹੈ। ਭਾਵੇਂ ਮਾਲਕਾਂ ਨੇ ਤਾਂ ਸੌਖ ਲਈ ਕੰਮ ‘ਤੇ ਗਰਮ ਪਾਣੀ ਦੇ ਸ਼ਾਵਰ ਵੀ ਲਾਏ ਹੋਏ ਸੀ ਤੇ ਕੁਝ ਕਾਮੇ ਉੱਥੇ ਹੀ ਨਹਾ-ਧੋਅ ਕੇ ਕੱਪੜੇ ਬਦਲ ਕੇ ਹੀ ਘਰ ਆਉਂਦੇ ਸੀ। ਪਰ ਬਹੁਤੇ ਉੱਥੇ ਨਹੀਂ ਸੀ ਨਹਾਉਂਦੇ। ਲਾਲਚ ਵੱਸ ਕੰਮ ਹੀ ਕਰੀ ਜਾਂਦੇ ਸੀ ਤੇ ਕਈ ਗਰਮ ਸਰਦ ਹੋਣ ਤੋਂ ਬਚਾਅ ਕਰਨ ਲਈ ਵੀ ਘਰੇ ਆ ਕੇ ਨਹਾਉਂਦੇ ਸੀ। ਜੇ ਕੋਈ ਵਿਰਲਾ ਇਨ੍ਹਾਂ ਮੁਸ਼ਕਲਾਂ ਦਾ ਪਿੱਛੇ ਜਾ ਕੇ ਕੋਈ ਦੱਸ ਵੀ ਦਿੰਦਾ, ਤਾਂ ਵੀ ਪਿਛਲੇ ਪਿੰਡਾਂ ਵਾਲ਼ੇ ਵੀ ਸੱਚ ਨਹੀਂ ਸੀ ਮੰਨਦੇ। ਹੁਣ ਵਾਲਿਆਂ ਵਾਂਗੂੰ ਉਨ੍ਹਾਂ ਦਾ ਘੜਿਆ-ਘੜਾਇਆ ਤੁਰਤ-ਫੁਰਤ ਜੁਆਬ ਹੁੰਦਾ: ਬਈ ਜੇ ਉੱਥੇ ਹਾਲ ਏਨਾ ਹੀ ਮਾੜਾ ਹੈ ਤਾਂ ਤੁਹਾਨੂੰ ਕਿਸੇ ਨੇ ਰੱਸਾ ਪਾਇਆ ਹੋਇਆ। ਤੁਸੀਂ ਓਥੇ ਕਿਉਂ ਟਿਕੇ ਬੈਠੇ ਹੋ। ਮੁੜ ਕੇ ਆ ਕਿਉਂ ਨਹੀਂ ਜਾਂਦੇ, ਸਾਡੇ ਕੋਲ ਪਿੰਡ।

ਐਸੀਆਂ ਸੀਨਾ-ਬਸੀਨਾ ਤੁਰੀਆਂ ਆਉਂਦੀਆਂ ਬੜੀਆਂ ਕਹਾਣੀਆਂ ਨੇ। ਇਕ ਹੋਰ ਸੁਣ ਲਓ: ਭੱਠੇ ‘ਤੇ ਹੀ ਕੰਮ ਕਰਦੇ ਕਿਸੇ ਬੰਦੇ ਨੇ ਪੰਜਾਬ ਬੈਠੇ ਆਪਣੇ ਬਾਪ ਲਈ ਕਿਸੇ ਹੋਰ ਵਲੈਤੀਏ ਕੋਲ ਸੁਨੇਹਾ ਘੱਲਿਆ। ਪਹਿਲੀਆਂ ਵਿੱਚ ਏਦਾਂ ਸੁਨੇਹੇ ਘੱਲਣ-ਘਲਾਉਣ ਦਾ ਪੱਕਾ ਰਿਵਾਜ ਸੀ। ਵਲੈਤੋਂ ਗਿਆ ਬੰਦਾ ਪਿੰਡ-ਪਿੰਡ ਸੁਨੇਹੇ ਦੇਣ ਤੁਰਿਆ ਫਿਰਦਾ ਹੁੰਦਾ ਸੀ। ਜਦੋਂ ਸੁਨੇਹਾ ਦੇਣ ਵਾਲਾ ਉਨ੍ਹਾਂ ਦੇ ਘਰ ਗਿਆ ਤਾਂ ਬਾਪ ਦੁਆਲੇ ਗੱਲਾਂ ਬਾਤਾਂ ਕਰਨ ਵਾਲਿਆਂ ਦੀ ਢਾਣੀ ਜੁੜੀ ਹੋਈ ਸੀ। ਚਾਹ-ਪਾਣੀ, ਰਾਜ਼ੀ-ਬਾਜ਼ੀ ਤੇ ਸੁੱਖ-ਸਾਂਦ ਤੋਂ ਬਾਅਦ ਬੈਠੇ ਲੋਕਾਂ ਵਿੱਚੋਂ ਕਿਸੇ ਨੇ ਪੁੱਛਿਆ: ਵਲੈਤੀਆ ਸਾਅਬ, ਸਾਡਾ ਸਰਦਾਰ… ਸਿਓਂ ਵਲੈਤ ਵਿੱਚ ਕੀ ਕੰਮ ਕਰਦਾ। ਗਏ ਵਲੈਤੀਏ ਨੇ ਬਿਨਾਂ ਕਿਸੇ ਲੁਕ ਲੁਕਾਅ ਦੇ ਸਹੀ-ਸਹੀ ਜੁਆਬ ਦੇ ਦਿੱਤਾ: ਜੀ ਅਸੀਂ ਦੋਵੇਂ ‘ਕੱਠੇ ਭੱਠੇ ‘ਤੇ ਹੀ ਕੰਮ ਕਰਦੇਂ ਆਂ। ਮੈਂ ਬਾਹਰ ਪੱਕੀਆਂ ਇੱਟਾਂ ਚੁੱਕਦਾਂ, ਉਹ ਅੰਦਰ ਕੱਚੀਆਂ ਚੁੱਕਦਾ। ਏਨੀ ਗੱਲ ਸੁਣ ਕੇ ਹੀ ਸਰਦਾਰ… ਦੇ ਬਾਪ ਨੇ ਪਰ੍ਹਿਆ ਵਿੱਚ ਆਪਣਾ ਸਿਰ ਨੀਵਾਂ ਹੋ ਗਿਆ ਸਮਝਿਆ। ਉਹ ਵਿਚੋਂ ਉੱਠ ਕੇ ਚਲਾ ਗਿਆ। ਵੱਡੀ ਨਮੋਸ਼ੀ ਮੰਨੀ। ਬਾਅਦ ਵਿੱਚ ਆਪਣੇ ਵਲੈਤ ਵਿੱਚ ਬੈਠੇ ਪੁੱਤ ਨੂੰ ਬੜੀ ਨਾਰਾਜ਼ਗੀ ਦੀ ਚਿੱਠੀ ਲਿਖੀ: ਕਾਕਾ ਜੇ ਤੈਂ ਵਲੈਤ ਜਾ ਕੇ ਵੀ ਭੱਠੇ ‘ਤੇ ਇੱਟਾਂ ਹੀ ਚੁੱਕਣੀਆਂ ਸੀ ਤਾਂ ਏਦੂੰ ਚੰਗਾ ਸੀ ਤੂੰ ਨਾ ਹੀ ਜਾਂਦਾ, ਅਈਥੇ ਹੀ ਬੁੱਤੇ ਜੋਗੀ ਵਾਹੀ ਕਰਕੇ ਥੋੜ੍ਹੀ ਖਾਈ ਜਾਂਦੇ।

ਪੰਜਾਬ ਵਿੱਚ ਭੱਠਿਆਂ ਦਾ ਕੰਮ ਵੀ ਹੋਰ ਤਰ੍ਹਾਂ ਦਾ ਹੈ ਤੇ ਕੰਮ ਕਰਨ ਵਾਲਿਆਂ ਦਾ ਜੀਵਨ ਵੀ ਤੇ ਸਮਾਜ ਵਿੱਚ ਰੁਤਬਾ ਵੀ। ਮਿਹਨਤ ਦੀ ਕਦਰ ਜਾਂ ਸ਼ਾਨ ਦੀ ਤਾਂ ਗੱਲ ਹੀ ਛੱਡੋ, ਇੱਥੇ ਇਨ੍ਹਾਂ ਨੂੰ ਧਰਤੀ ‘ਤੇ ਭਾਰ ਸਮਝਿਆ ਜਾਂਦਾ ਹੈ। ਕੀੜਿਆਂ ਮਕੌੜਿਆਂ ਹਾਰ। ਕੰਮ ਕਰਨ ਵਾਲਿਆਂ ਨੂੰ ਜਿਹੜੀ ਹਿਕਾਰਤ ਝੱਲਣੀ ਪੈਂਦੀ ਹੈ, ਉਹਦਾ ਹਾਲ ਸਭ ਨੂੰ ਪਤਾ ਹੀ ਹੈ। ਜਣੇ-ਖਣੇ ਦੀਆਂ ਝਿੜਕਾਂ ਝਾਂਬੇ। ਕਿਸੇ ਹਿਸਾਬ ਨਾਲ ਪੁਸ਼ਤ ਦਰ ਪੁਸ਼ਤ ਬੰਧੂਆ ਜ਼ਿੰਦਗੀ ਹੀ ਬਸਰ ਕਰੀ ਜਾਂਦੇ ਨੇ, ਇਹ ਭੱਠਿਆਂ ਵਾਲੇ ਕਿਰਤੀ। ਵਲੈਤ ਦੇ ਭੱਠਿਆਂ ‘ਤੇ ਕੰਮ ਕਰਨ ਵਾਲੇ ਵੀ ਏਧਰੋਂ ਜਾ ਕੇ ਪੰਜਾਬ ਦੇ ਭੱਠਿਆਂ ‘ਤੇ ਕੰਮ ਕਰਨ ਵਾਲ਼ਿਆਂ ਨਾਲ ਏਦਾਂ ਹੀ ਵਰਤਦੇ ਨੇ। ਜਿਹੜੇ ਆਪ ਵਲੈਤ ਵਿੱਚ ਵਿਤਕਰੇ ਦੀ ਹਾਅ-ਲਾਅ-ਲਾਅ ਕਰਦੇ ਸਾਹ ਨਹੀਂ ਲੈਂਦੇ, ਓਹੀ ਆਪ ਸਭ ਤੋਂ ਵੱਧ ਵਿਤਕਰਾ ਕਰਦੇ। ਬੰਦੇ ਨੂੰ ਬੰਦਾ ਨਹੀਂ ਸਮਝਦੇ।

ਬੈੱਡਫੋਰਡ ਦੇ ਭੱਠਿਆਂ ਨੇ ਬੜੇ ਦੁਆਬੀਆਂ ਦੀਆਂ ‘ਗੁਰਬਤਾਂ’ ਦੇ ਛਕੌਂਟੇ ਚੱਕੇ। ਸਖ਼ਤ ਮਿਹਨਤਾਂ ਕਰਕੇ ਇਹ ਲੋਕ ਮਾਲੋ-ਮਾਲ ਹੋ ਗਏ। ਇਨ੍ਹਾਂ ਏਥੇ ਦੀ ਕਮਾਈ ਨਾਲ, ਵੱਡੇ-ਵੱਡੇ ਕਾਰੋਬਾਰ ਖ਼ਰੀਦੇ। ਆਲੀਸ਼ਾਨ ਮਕਾਨਾਂ ਵਿੱਚ ਵਾਸਾ ਕੀਤਾ। ਦੁਕਾਨਾਂ ਵੀ ਲਈਆਂ ਤੇ ਫ਼ੈਕਟਰੀਆਂ ਵੀ। ਕਈ ਪਿੱਛੇ ਵੀ ਖੇਤਾਂ-ਮੁਰੱਬਿਆਂ ਦੇ ਮਾਲਕ ਬਣੇ। ਸਰਦਾਰੀਆਂ ਹੋਰ ਚਮਕਾਈਆਂ। ਮਹੱਲਾਂ ਵਰਗੀਆਂ ਕੋਠੀਆਂ ਪਾਈਆਂ। ‘ਗੁਰਾਂ ਦੇ ਨਾਂ ‘ਤੇ ਵੱਸਦੇ ਪੰਜਾਬ’ ਦੇ ਸਕਿਆਂ ਦੀ ਕੇਹੀ ਵਿਡੰਬਣਾ ਹੈ ਕਿ ਕਈਆਂ ਨੂੰ ਇਹ ਦੱਸਦਿਆਂ ਨਮੋਸ਼ੀ ਮਾਰ ਜਾਂਦੀ ਹੈ ਕਿ ਇਹ ਸਭ ਜਾਨ ਹੀਲ ਕੇ ਭੱਠਿਆਂ ‘ਤੇ ਕੀਤੀ ਦਸਾਂ ਨਹੁੰਆਂ ਦੀ ਕਿਰਤ ਦੀ ਬਰਕਤ ਸਦਕੇ ਹੀ ਹੋ ਸਕਿਆ ਹੈ। ਆਲ਼ੇ ਦੁਆਲ਼ੇ ਹੋਰ ਕੰਮਾਂ ਵਿੱਚ ਏਨੇ ਪੈਸੇ ਨਹੀਂ ਸੀ ਮਿਲਦੇ।

ਪਹਿਲੀਆਂ ਵਿੱਚ ਬੈੱਡਫੋਰਡ ਦੇ ਬਹੁਤੇ ਦੇਸੀ ਬੰਦੇ ਭੱਠੇ ‘ਤੇ ਹੀ ਕੰਮ ਕਰਿਆ ਕਰਦੇ ਸੀ। ਪੈਸਿਆਂ ਦਾ ਲਾਲਚ ਤਾਂ ਸੀਗਾ ਹੀ, ਹੋਰ ਕੋਈ ਵੀ ਹਿਸਾਬ-ਕਿਤਾਬ ਦਾ ਕੰਮ ਅਨਪੜ੍ਹ ਬੰਦਿਆਂ ਦੇ ਵਿੱਤੋਂ ਬਾਹਰਾ ਹੁੰਦਾ ਸੀ  ਵੱਡੀ ਮੁਸ਼ਕਲ ਜ਼ੁਬਾਨ ਦੀ ਹੁੰਦੀ ਸੀ, ਇਨ੍ਹਾਂ ਕੋਲ਼ ਕਿਸੇ ਹੋਰ ਕੰਮ ਦੀ ਟਰੇਨਿੰਗ ਹੀ ਨਹੀਂ ਸੀ ਹੁੰਦੀ। ਪੈਸਿਆਂ ਦੇ ਲਾਲਚ ਵਿੱਚ ਦੇਸੀ ਬੰਦੇ ਤਾਂ ਹੋਰ ਥਾਵਾਂ ਤੋਂ ਕੰਮ ਛੱਡ ਕੇ ਭੱਠਿਆਂ ‘ਤੇ ਆ-ਆ ਕੇ ਲਗਦੇ ਸੀ। ਨਿਆਰੀਆਂ ਗੱਲਾਂ ਵਿੱਚਂੋ ਇਹ ਅਕਸਰ ਦੱਸੀ ਜਾਂਦੀ ਸੀ ਕਿ ਕੋਈ ਇਟਾਲੀਅਨ ਕੰਮ ‘ਤੇ ਆਉਂਦਾ ਹੀ ਨਹੀਂ ਸੀ ਆਈਸ ਕਰੀਮ ਬਣਾ-ਬਣਾ ਕੇ ਵੇਚਦਾ ਰਿਹਾ। ਕੰਪਨੀ ਦੇ ਕਾਗ਼ਜ਼ਾਂ ਵਿੱਚ ਨਾਂ ਚੱਲੀ ਜਾਂਦਾ ਰਿਹਾ। ਕੋਈ ਹੋਰ ਉਹਦੇ ਥਾਂ ਅੱਖ ਬਚਾ ਕੇ ਕਲੌੱਕ (ਹਾਜ਼ਰੀ) ਲਾਈ ਜਾਂਦਾ ਰਿਹਾ, ਉਹ ਸ਼ੁੱਕਰਵਾਰ ਨੂੰ ਵੇਲੇ ਸਿਰ ਆ ਕੇ ਆਪਣੀ ਤਨਖ਼ਾਹ ਲਈ ਜਾਂਦਾ ਰਿਹਾ। ਚਾਰ-ਪੰਜ ਹਜ਼ਾਰ ਵਰਕਰਾਂ ਵਿੱਚ ਇਕ ਬੰਦੇ ਦੇ ਗ਼ੈਰਹਾਜ਼ਰ ਹੋਣ ਦਾ ਕੀ ਪਤਾ ਲੱਗਣਾ ਸੀ, ਕੋਈ ਸਾਡਾ ਆਪਣਾ ਹੁੰਦਾ ਤਾਂ ਝੱਟ ਚੁਗਲੀ ਮਾਰ ਦਿੰਦਾ। ਕਈ ਵਰ੍ਹਿਆਂ ਬਾਅਦ ਜਾ ਕੇ ਪਤਾ ਲੱਗਾ ਸੀ। ਕਿਸੇ ਹੋਰ ਇਟਾਲੀਅਨ ਬਾਰੇ ਇਹ ਮਸ਼ਹੂਰ ਸੀ ਕਿ ਉਹ ਸ਼ਾਮ ਨੂੰ ਘਰ ਜਾਣ ਲੱਗਾ ਇਕ ਇੱਟ ਰੋਜ਼ ਹੱਥ ਵਿੱਚ ਫੜ੍ਹ ਕੇ ਹੀ ਲੈ ਜਾਂਦਾ ਸੀ।  ਜੇ ਵੱਧ ਲੈ ਕੇ ਜਾਂਦਾ ਤਾਂ ਸ਼ੱਕ ਪੈ ਜਾਣਾ ਸੀ। ਉਹਨੇ ਇਸੇ ਇਕ-ਇਕ ਇੱਟ ਨਾਲ ਹੀ ਬਾਅਦ ਵਿੱਚ ਆਪਣੇ ਘਰ ਦੀ ਗੈਰਾਜ ਬਣਾ ਲਈ ਸੀ। ਸਾਡੇ ਕੁਝ ਕੁ ਬੰਦਿਆਂ ਨੇ ਸ਼ਰਾਬ ਦੀਆਂ ਬੋਤਲਾਂ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਤੋਹਫ਼ੇ ਦੇ ਕੇ ਕਈ ਅੰਗਰੇਜ਼ ਮੈਨੇਜਰ ਕਾਣੇ ਵੀ ਕੀਤੇ ਹੋਏ ਸੀ। ਕਈ ਕਰਿਸਮਿਸ ਦਾ ਪੱਜ ਪਾ ਕੇ ਕੋਈ ਨਾ ਕੋਈ ਤੋਹਫ਼ਾ ਵੀ ਦੇ ਦਿੰਦੇ ਸੀ  ‘ਜਿੱਥੇ ਜਾਣ ਪੰਜਾਬੀ ਆਪਣਾ ਰੰਗ ਦਿਖਾਉਂਦੇ ਨੇ’।

ਸਾਡਿਆਂ ਦੇ ਜਦੋਂ ਪੈਰ ਲੱਗ ਜਾਣ, ਇਹ ਆਪਣੀ ਆਈ ‘ਤੇ ਆ ਜਾਂਦੇ ਨੇ, ਇਹ ਭੱਠਿਆਂ ‘ਤੇ ਹੀ ਸ਼ਰਾਬਾਂ ਪੀਣ ਲੱਗ ਪਏ। ਇਹ ਤਾਂ ਜੱਗ ਜ਼ਾਹਰ ਤੱਥ ਹੀ ਹੈ ਕਿ ਸ਼ਰਾਬ ਪੀਤੀ ਨਹੀਂ ਤਾਂ ਸਾਡੇ ਭਾਈਬੰਦਾਂ ਨੇ ਲੜਾਈ ਕੀਤੀ ਨਹੀਂ। ਬੱਸ ਪਹਿਲਾ ਘੁੱਟ ਅੰਦਰ ਜਾਣ ਦੀ ਦੇਰ ਹੁੰਦੀ, ਬੰਦੇ ਬਦਲ ਜਾਂਦੇ। ਬੋਲ ਉੱਚੇ ਹੋ ਜਾਂਦੇ। ਕਈ ਬੱਕਰੇ ਬੁਲਾਉਣ ਲੱਗ ਪੈਂਦੇ, ਕਈ ਭੁੱਬਾਂ ਮਾਰਦੇ। ਕਈ ਦੂਜੇ ਵੱਲ ਨੂੰ ਨੈਰ੍ਹੀਆਂ ਕੱਢਣ ਲੱਗ ਪੈਂਦੇ, ਕਿਸੇ ਨੂੰ ਪੁਰਾਣੀ ਚਿਤਾਰੀ ਯਾਦ ਆ ਜਾਂਦੀ, ਜਾਂ ਲਾ ਕੇ ਗੱਲ ਕਰਨ ਲੱਗ ਪੈਂਦੇ। ਉੱਚਾ, ਝੱਟ ਨੀਵਾਂ ਦਿਸਣ ਲੱਗ ਪੈਂਦਾ। ਹਾਥੀ, ਅੱਖ ਦੇ ਫੋਰ ਵਿੱਚ ਕੱਟਾ ਬਣ ਜਾਂਦਾ। ਆਮ ਪੇਂਡੂ ਪੰਜਾਬੀ ਕਹਾਵਤ ਹੈ ਕਿ ਸ਼ਰਾਬ ਪੀ ਕੇ ਜੇ ਕਿਸੇ ਦੇ ਚਾਰ ਮਾਰੀਆਂ ਨਾ, ਦੋ ਖਾਧੀਆਂ ਨਾ ਤਾਂ ਐਸੀ ਪੀਣ ਖੁਣੋਂ ਵੀ ਕੀ ਗੱਡਾ ਅੜਿਆ ਖੜ੍ਹਾ। ਭਾਈਬੰਦ ਬਹੁਤੀ ਵਾਰ ਪੀਤੀ ਸ਼ਰਾਬ ਦੀ ‘ਲੱਜ ਪਾਲਦੇ’। ਬੋਲ-ਬੁਲਾਰੇ ਵਿੱਚ ਕਿਸੇ ਨੂੰ ਥੱਲੇ ਲਾਉਣ ਦੇ ਜਦੋਂ ਸਭ ਹਥਿਆਰ ਨਕਾਰੇ ਹੋ ਜਾਂਦੇ ਤਾਂ ਨੀਵਾਂ ਦਿਖਾਉਣ ਲਈ ਜਾਤਪਾਤ ਦੇ ਆਖ਼ਰੀ ਹਥਿਆਰ ‘ਤੇ ਆ ਜਾਂਦੇ। ਚੰਗਾ ਮੰਦਾ ਬੋਲਦੇ ਇਕ ਦੂਜੇ ਦੀ ਧੀ ਭੈਣ ਰੱਜ ਕੇ ਨੌਲ਼ਦੇ। ਹੱਥੋ ਪਾਈ ਹੁੰਦੇ। ਹੂਰੇ-ਮੁੱਕੇ ਚਲਦੇ। ਕਿਸੇ ਨੂੰ ਇੱਟ ਕੱਢ ਮਾਰਦੇ ਜਾਂ ਬੋਤਲ ਜਾਂ ਲੱਕੜੀ ਦਾ ਫੱਟਾ ਜਾਂ ਹੋਰ ਜੋ ਵੀ ਹੱਥ ਆਉਂਦਾ। ਕਈ ਤਿਆਰ ਹੋ ਕੇ ਜਾਂਦੇ: ਗੱਡੀਆਂ ਵਿੱਚ ਹਾਕੀਆਂ, ਸਰੀਏ, ਡੰਡੇ ਸੋਟੇ ਲੈ ਕੇ ਜਾਂਦੇ। ਜੇ ਹੋਰ ਕੁਝ ਨਾ ਸਰਦਾ ਤਾਂ ਕਈ ਲਾਗ-ਡਾਟ ਵਿੱਚ ਦੂਜਿਆਂ ਦੀਆਂ ਕਾਰਾਂ ਦੇ ਟਾਇਰ ਹੀ ਵੱਢ ਦਿੰਦੇ। ਕੋਈ ਘਰ ਦੇ ਸ਼ੀਸ਼ੇ ਪੱਥਰ ਮਾਰ ਕੇ ਭੰਨ ਦਿੰਦਾ  ਜਾਣੀ ਆਪਣੀ ਆਈ ‘ਤੇ ਆ ਹੀ ਜਾਂਦੇ। ਸਿੱਟਾ: ਪਤਾ ਲੱਗਣ ‘ਤੇ ਕੰਮ ਤੋਂ ਕੱਢ ਦਿੱਤੇ ਜਾਂਦੇ। ਜਾਂ ਪੁਲੀਸ ਫੜ ਲੈਂਦੀ। ਫਿਰ ਕਿੰਨਾ-ਕਿੰਨਾ ਚਿਰ ਇਹ ਮਸੋਸੇ ਜਿਹੇ ਰਹਿੰਦੇ ਤੇ ਭੱਠੇ ਦੀ ਮੋਟੀ ਕਮਾਈ ਨੂੰ ਤਰਸੀ ਜਾਂਦੇ, ਰਾਣੀ ਦੀਆਂ ਮੂਰਤਾਂ ਵਾਲ਼ੇ ਨੋਟ ਹੱਥਾਂ ਵਿੱਚੋ ਕਿਰੀ ਜਾਂਦੇ ਨਜ਼ਰ ਆਉਂਦੇ। ਭੱਠਿਆਂ ‘ਤੇ ਸ਼ੁਰੂ ਹੋਈਆਂ ਇਹ ਲੜਾਈਆਂ ਸ਼ਹਿਰ ਵਿੱਚ ਵੀ ਆ ਵੜਨੀਆਂ। ਪੱਬਾਂ ਵਿੱਚ ਵੀ ਦੋ-ਦੋ ਚਾਰ-ਚਾਰ ਹੱਥ ਹੋ ਜਾਂਦੇ।

ਭੱਠਿਆਂ ਦਾ ਜ਼ਿਕਰ ਹੁਣ ਲਾਇਬ੍ਰੇਰੀ ਵਿੱਚ ਜਾ ਪਿਆ ਹੈ ਜਾਂ ਕੰਪਨੀ ਦੇ ਹੈੱਡਕੁਆਟਰ ਵਿੱਚ ਬੰਦ ਹੋਊਗਾ। ਅਗਲੀਆਂ ਨਸਲਾਂ ਲਈ ਜਾਣਕਾਰੀ ਦਾ ਇਹੋ ਵਸੀਲਾ ਰਹਿ ਗਿਆ ਹੈ। ਸਾਡੇ ਬੰਦੇ ਭੱਠਿਆਂ ਨੂੰ ਝੱਟ ਭੁੱਲ ਗਏ। ਲੇਬਰ ਮਾਰਕੀਟ ਵਿੱਚ ਇਹਦੀ ਦੇਣ ਬਹੁਤ ਵੱਡੀ ਹੈ। ਦੇਸੀ ਭਾਈਚਾਰੇ ਲਈ ਹੋਰ ਵੀ ਤਕੜੀ। ਬੈੱਡਫ਼ਰਡ ਦੇ ਬਹੁਤੇ ਪੰਜਾਬੀਆ ਦੇ ਜੀਵਨ ਵਿੱਚ ਭੱਠਾ ਕਿਸੇ ਨਾ ਕਿਸੇ ਤਰ੍ਹਾਂ ਵਸਿਆ ਹੋਇਆ ਹੈ। ਭੱਠੇ ਜਿੰਨਾ ਚਿਰ ਰਹੇ, ਬੈੱਡਫ਼ਰਡ ਤੇ ਭੱਠੇ ਇਕ ਦੂਜੇ ਵਿਚ ਰਚੇ-ਮਿਚੇ ਰਹੇ। ਦੁਆਬੇ ਵਿੱਚ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕੋਠੀਆਂ ਵਲੈਤ ਦੀਆਂ ਫ਼ੈਕਟਰੀਆਂ ਦੇ ਸਿਰੋਂ ਉਸਰੀਆਂ ਤੇ ਇਨ੍ਹਾਂ ਵਿੱਚ ਬਹੁਤ ਸਾਰੀਆਂ ਭੱਠਿਆਂ ਦੀ ਮਿਹਰਬਾਨੀ ਸਦਕੇ ਵੀ। ਦੁਆਬੇ ਵਿੱਚ ਆਈ ਖ਼ੁਸ਼ਹਾਲੀ ਵਿੱਚ ਇਨ੍ਹਾਂ ਭੱਠਿਆਂ ਦੀ ਲੁਕਵੀਂ ਹਸਤੀ ਵੀ ਕਿਤੇ ਬੈਠੀ ਹੈ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.